Monday 25 July 2011

ਪਿਰਥੀ ਦੀ ਬੀਰ ਗਾਥਾ

ਇਤਿਹਾਸ ਦੇ ਝਰੋਖੇ ਚੋਂ
ਸ਼ਹੀਦ ਰੰਧਾਵਾ ਦੀ ਬੀਰਗਾਥਾ ਦਾ ਸਿਖਰਲਾ ਕਾਂਡ
ਸ਼ਰਧਾਂਜਲੀ ਕਿਵੇਂ ਦਿੱਤੀ ਗਈ *

[ਇਹ ਲਿਖਤ ਸ਼ਹੀਦ ਰੰਧਾਵਾ ਮੌਕੇ ਪੀ.ਐਸ.ਯੂ ਦੀ ਸੂਬਾ ਕਮੇਟੀ ਦੇ ਮੈਂਬਰ ਰਹੇ ਸ਼੍ਰੀ ਜਸਪਾਲ ਜੱਸੀ ਦੀ ਲਿਖੀ ਹੋਈ ਹੈ। ਲੰਮੀ ਲਿਖਤ 'ਚੋਂ ਕੁਝ ਹਿੱਸੇ ਤੁਹਾਡੀ ਨਜ਼ਰ ਕਰ ਰਹੇ ਹਾਂ।]
  
 

 ''ਕੀ ਹੋਇਆ ਜੋ ਡਾਢੇ ਦੁਸ਼ਮਣਾਂ ਸੰਗ ਲੜਦਿਆਂ ਸਾਡਾ ਸੀਸ ਕੱਟਿਆ ਗਿਆ। ਅਸੀਂ ਲੜਾਂਗੇ ਕੱਟੇ ਹੋਏ ਸੀਸ ਨੂੰ ਤਲੀ 'ਤੇ ਧਰਕੇ। ਲੜਦੇ ਲੜਦੇ ਕੱਟ ਮਰਨਾ ਸਾਨੂੰ ਮਨਜ਼ੂਰ ਹੈ, ਪਰ ਦੁਸ਼ਮਣਾਂ ਅੱਗੇ ਗੋਡੇ ਟੇਕਣਾ ਸਾਡੀ ਵਿਰਾਸਤ ਨਹੀਂ।''
 ਸਾਲ 1979 ਦੇ ਦੂਸਰੇ ਅੱਧ 'ਚ ਪੰਜਾਬ ਦੀ ਫਿਜ਼ਾ 'ਚ ਇਹ ਅਹਿਦ ਗੂੰਜ ਰਿਹਾ ਸੀ। ਕਾਲਜਾਂ ਦੇ ਵਿਹੜਿਆਂ 'ਚ, ਪਿੰਡਾਂ ਦੀਆਂ ਸੱਥਾਂ 'ਚ, ਸ਼ਹਿਰਾਂ ਦੇ ਚੁਰਸਤਿਆਂ ਅਤੇ ਬਾਜ਼ਾਰਾਂ 'ਚ ਥਾਂ ਥਾਂ ਤਣੇ ਹੋਏ ਮੁੱਕੇ ਅਤੇ ਬਲਦੀਆਂ ਅੱਖਾਂ ਇਹ ਅਹਿਦ ਦੁਹਰਾ ਰਹੀਆਂ ਸਨ। ਹਥਿਆਰਬੰਦ ਪੁਲਸ ਲਸ਼ਕਰ ਵਾਹੋ-ਦਾਹ ਥਾਂ ਥਾਂ ਛਾਪੇ ਮਾਰ ਰਹੇ ਸਨ, ਗ੍ਰਿਫਤਾਰੀਆਂ ਕਰ ਰਹੇ ਸਨ, ਤਸੀਹੇ ਦੇ ਰਹੇ ਸਨ, ਡਾਂਗਾਂ ਵਾਹ ਰਹੇ ਸਨ, ਫ਼ਸਲਾਂ ਉਜਾੜ ਰਹੇ ਸਨ, ਘਰਾਂ ਦੇ ਕੰਧਾਂ ਕੌਲੇ ਢਾਹ ਰਹੇ ਸਨ, ਬਜ਼ੁਰਗਾਂ ਅਤੇ ਔਰਤਾਂ ਨੂੰ ਜ਼ਲੀਲ ਕਰ ਰਹੇ ਸਨ। ਪਰ ਆਏ ਦਿਨ ਰੋਹ ਭਰੇ ਕਾਫਲਿਆਂ ਦੀਆਂ ਹੋਰ ਲੰਮੀਆਂ ਕਤਾਰਾਂ ਸੜਕਾਂ 'ਤੇ ਨਿੱਤਰ ਰਹੀਆਂ ਸਨ। ਪੰਜਾਬ ਅਤੇ ਮੁਲਕ ਦੀਆਂ ਅਖਬਾਰਾਂ ਅਤੇ ਮੈਗਜ਼ੀਨ ਸਵਾਲੀਆ ਟਿੱਪਣੀਆਂ ਕਰ ਰਹੇ ਸਨ, ''ਕੀ ਵਾਪਰ ਗਿਆ ਹੈ ਪੰਜਾਬ 'ਚ, ਕੀ ਵਾਪਰ ਰਿਹਾ ਹੈ ਪੰਜਾਬ 'ਚ?''
 ਜੋ ''ਵਾਪਰ ਗਿਆ'' ਸੀ, ਉਹ ਪੰਜਾਬ ਦੇ ਸਮੁੱਚੇ ਵਿਦਿਆਰਥੀ ਜਗਤ ਲਈ ਅਸਮਾਨੋਂ ਡਿੱਗੀ ਬਿਜਲੀ ਵਰਗਾ ਸੀ। ਜੋ ''ਵਾਪਰ ਰਿਹਾ'' ਸੀ, ਉਹ ਪੰਜਾਬ ਦੇ ਹਾਕਮਾਂ ਨੂੰ ਤਰੇਲੀਓ-ਤਰੇਲੀ ਕਰ ਰਿਹਾ ਸੀ, ਕੰਬਣੀਆਂ ਛੇੜ ਰਿਹਾ ਸੀ, ਦਿਲਾਂ 'ਚ ਹੌਲ ਪਾ ਰਿਹਾ ਸੀ।
 18 ਜੁਲਾਈ 1979 ਦੀ ਰਾਤ ਨੂੰ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਨਾਇਕ ''ਪਿਰਥੀ'' ਸ਼ਹੀਦ ਕਰ ਦਿੱਤਾ ਸੀ। 20 ਜੁਲਾਈ ਦੀ ਸਵੇਰ ਨੂੰ ਪੰਜਾਬ ਭਰ 'ਚ ਵਿਦਿਆਰਥੀਆਂ ਦੀਆਂ ਟੋਲੀਆਂ ਕਾਲੇ ਮਾਤਮੀ ਇਸ਼ਤਿਹਾਰ ਲਾ ਰਹੀਆਂ ਸਨ। ''ਵਿਦਿਆਰਥੀ ਜਗਤ ਦੇ ਦਿਲਾਂ ਦੀ ਧੜਕਣ ਪੰਜਾਬ ਸਟੂਡੈਂਟਸ ਯੂਨੀਅਨ ਦੀ ਰੂਹ ਪਿਰਥੀਪਾਲ ਸਿੰਘ ਰੰਧਾਵਾ ਸ਼ਹੀਦ ਕਰ ਦਿੱਤੇ ਗਏ।'' ਇਸ਼ਤਿਹਾਰ ਦੇ ਇੱਕ ਕੋਨੇ 'ਤੇ ਜਾਣੀ ਪਛਾਣੀ ਫੋਟੋ ਰਾਹੀਂ ਪਿਰਥੀ ਆਪਣੇ ਸੁਭਾਵਕ ਗੰਭੀਰ ਅੰਦਾਜ਼ 'ਚ ਬੋਲ ਰਿਹਾ ਸੀ, '' ਇਹ ਸੁਪਨਾ ਨਹੀਂ ਹੈ ਸਾਥੀਓ ਚੁਣੌਤੀ ਕਬੂਲ ਕਰੋ।'' ਹਾਂ, ਪਿਰਥੀ ਨੇ ਸ਼ਹਾਦਤ ਦਾ ਜਾਮ ਡੀਕ ਲਿਆ ਸੀ। ਆਪਣੀ ਬੀਰ ਗਾਥਾ ਦਾ ਸਿਖਰਲਾ ਕਾਂਡ ਲਿਖਣ ਦੀ ਜੁੰਮੇਵਾਰੀ ਆਪਣੇ ਹਮਸਫ਼ਰਾਂ ਅਤੇ ਵਾਰਸਾਂ ਦੇ ਮੋਢਿਆਂ 'ਤੇ ਪਾ ਕੇ ਪਿਰਥੀ ਤੁਰ ਗਿਆ ਸੀ।
ਪਰ ਪਿਰਥੀ ਦੇ ਵਾਰਸਾਂ ਦੀ ਸੁਰਤ ਅੰਦਰ ਪਿਰਥੀ ਦੀ ਬੀਰ ਗਾਥਾ ਸੱਜਰੀ ਹੋ ਉੱਠੀ ਸੀ। ਵਿਦਿਆਰਥੀਆਂ ਦੀ ਜੁਝਾਰ ਇਨਕਲਾਬੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਨਾਮੱਤੇ ਇਤਿਹਾਸ ਦੇ ਵਰਕੇ ਚਮਕ ਉੱਠੇ ਸਨ। ਸੱਤਰਵਿਆਂ ਦੇ ਸ਼ੁਰੂ 'ਚ ਜਦੋਂ ਪਿਰਥੀ ਦੀ ਅਗਵਾਈ 'ਚ ਪੀ.ਐਸ.ਯੂ ਨੇ ਨਿੱਕੇ-ਨਿੱਕੇ ਕਦਮ ਪੁੱਟਣੇ ਸ਼ੁਰੂ ਕੀਤੇ, ਵਿੱਦਿਅਕ ਸੰਸਥਾਵਾਂ 'ਚ ਅਤੇ ਪੰਜਾਬ ਦੀ ਫਿਜ਼ਾ 'ਚ ਸੰਨਾਟਾ ਛਾਇਆ ਹੋਇਆ ਸੀ। ਪੁਲਸ ਦਹਿਸ਼ਤ ਦਾ ਬੋਲਬਾਲਾ ਸੀ। ਕਮਿਊਨਿਸਟ ਇਨਕਲਾਬੀਆਂ ਅਤੇ ਉਨਾਂ ਦੇ ਸੰਬੰਧੀਆਂ ਨੂੰ ਚਿੱਟੇ ਦਿਨ ਗੋਲੀਆਂ ਨਾਲ ਉਡਾਕੇ ਝੂਠੇ ਪੁਲਸ ਮੁਕਾਬਲੇ ਬਣਾਏ ਜਾਂਦੇ ਸਨ। ਨਿਰਦੋਸ਼ ਲੋਕਾਂ ਨੂੰ ਸੱਥਾਂ ਅਤੇ ਥਾਣਿਆਂ 'ਚ ਕੋਹਿਆ ਜਾ ਰਿਹਾ ਸੀ। ਗੈਰ-ਜਥੇਬੰਦ ਲੋਕ ਬੇਵਸੀ 'ਚ ਸਬਰ ਦਾ ਘੁੱਟ ਭਰ ਕੇ ਰਹਿ ਜਾਂਦੇ। ਵਿੱਦਿਅਕ ਸੰਸਥਾਵਾਂ 'ਚ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ। ਜਬਰ ਦੇ ਅਖਾੜੇ ਬਣੀਆਂ ਵਿੱਦਿਅਕ ਸੰਸਥਾਵਾਂ 'ਚ ਵਿਦਿਆਰਥੀ ਹੱਕਾਂ ਦੀ  ਗੱਲ ਕਰਨ ਦਾ ਨਤੀਜਾ ਕਾਲਜੋਂ ਕੱਢੇ ਜਾਣ ਤੋਂ ਲੈ ਕੇ ਵਰੰਟਾਂ, ਗ੍ਰਿਫਤਾਰੀਆਂ ਅਤੇ ਪੁਲਸ ਹੱਥੋਂ ਮੌਤ ਤੱਕ ਹੋ ਸਕਦਾ ਸੀ।
 ਵਿਦਿਆਰਥਆਂ ਦੀ ਜੁਝਾਰ ਇਨਕਲਾਬੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਖਿੰਡ ਚੁੱਕੀ ਸੀ। ਦੁਸ਼ਮਣ ਦੇ ਵਾਰਾਂ ਕਰਕੇ ਨਹੀਂ, ਇਨਕਲਾਬੀਆਂ 'ਚ ਜਨਤਾ ਦੀ ਸ਼ਕਤੀ ਅਤੇ ਜਨਤਕ ਜਥੇਬੰਦੀਆਂ 'ਚ ਭਰੋਸੇ ਦੀ ਘਾਟ ਕਰਕੇ। ਇਨਕਲਾਬੀ ਨੌਜਵਾਨਾਂ ਨੇ ਸੀਸ ਤਲੀ 'ਤੇ ਧਰ ਲਏ ਸਨ। ਹੇਠਲੀ ਉੱਤੇ ਕਰ ਦੇਣ ਦਾ ਤਹੱਈਆ ਕੀਤਾ ਸੀ। ਪਰ ਹੇਠਲੀ ਉੱਤੇ ਕਰਨ ਲਈ ਲੋਕਾਂ ਨੂੰ ਲਾਮਬੰਦ ਅਤੇ ਜਥੇਬੰਦ ਕਰਨ ਦੀ ਸੇਧ ਤਿਆਗ ਦਿੱਤੀ ਸੀ। ਪੀ.ਐਸ.ਯੂ. ਠੁਕਰਾ ਦਿੱਤੀ ਗਈ ਸੀ। ਇਸਦਾ ਹੱਥੀਂ ਭੋਗ ਪਾ ਦਿੱਤਾ ਗਿਆ ਸੀ। ਹਜ਼ਾਰਾਂ ਵਿਦਿਆਰਥੀਆਂ ਨੂੰ ਇਨਕਲਾਬੀ ਜਜ਼ਬਿਆਂ ਅਤੇ ਸੂਝ ਦੀ ਜਾਗ ਲਾਉਣ ਵਾਲੀ ਇਸ ਜਥਾਬੰਦੀ ਨੂੰ ਇਨਕਲਾਬ ਦੇ ਰਾਹ ਦਾ ਰੋੜਾ ਗਰਦਾਨ ਦਿੱਤਾ ਗਿਆ ਸੀ। ਆਪਣੀ ਜਥੇਬੰਦੀ ਬਿਨਾਂ ਵਿਦਿਆਰਥੀ ਜਨਤਾ ਨਿਆਸਰੀ ਸੀ। ਅਜਿਹੇ ਪੰਛੀ ਵਾਂਗ, ਜਿਹੜਾ ਉੱਚੀਆਂ ਉਡਾਰੀਆਂ ਭਰਨਾ ਲੋਚਦਾ ਹੋਵੇ, ਪਰ ਜਿਸਦੇ ਖੰਭ ਕਤਰ ਦਿੱਤੇ ਗਏ ਹੋਣ।
 ਇਨਾਂ ਹਾਲਤਾਂ 'ਚ ਕੁਝ ਚੇਤੰਨ ਵਿਦਿਆਰਥੀਆਂ ਦੀ ਇੱਕ ਟੁਕੜੀ ਨੇ ਪਿਰਥੀ ਦੀ ਅਗਵਾਈ 'ਚ ਵਿਦਿਆਰਥੀ ਜਨਤਾ ਨੂੰ ਇਸਦੇ ਖੰਭ ਵਾਪਸ ਕਰਨ ਦਾ ਤਹੱਈਆ ਕੀਤਾ ਸੀ। ਪੀ.ਐਸ.ਯੂ ਨੂੰ ਮੁੜ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਸੀ। ਦੁਸ਼ਮਣ ਸ਼ੂਕਰਿਆ ਹੋਇਆ ਸੀ। ਵਿਦਿਆਰਥੀ ਸਹਿਮੇ ਹੋਏ ਸਨ। ਮਾਅਰਕੇਬਾਜ ਲੀਹ ਦੇ ਝੰਡਾਬਰਦਾਰਾਂ ਨੇ ਵਿਦਿਆਰਥੀ ਜਨਤਾ 'ਤੇ ਡਰਪੋਕ ਹੋਣ ਦਾ ਲੇਬਲ ਲਾ ਦਿੱਤਾ ਸੀ। ਉਨਾਂ ਦਾ ਮਤ ਸੀ ਕਿ ਲੋਕ ਜਥੇਬੰਦ ਨਹੀਂ ਹੋ ਸਕਦੇ। ਜੇ ਹੋ ਵੀ ਜਾਣ ਤਾਂ ਕੁਝ ਕਰ ਨਹੀਂ ਸਕਦੇ। ਸਿਰਫ਼ ਸਿਰ ਤਲੀ 'ਤੇ ਧਰਨ ਵਾਲੇ ਮੁੱਠੀ ਭਰ ਸਿਰਲੱਥ ਸੂਰਮੇ ਹੀ ਆਪਣੇ ਜੁਝਾਰ ਕਾਰਨਾਮਿਆਂ ਨਾਲ ਰਾਜ ਸੱਤਾ ਨੂੰ ਉਲਟਾ ਸਕਦੇ ਹਨ ਅਤੇ ਇਨਕਲਾਬੀ ਰਾਜ ਕਾਇਮ ਕਰ ਸਕਦੇ ਹਨ।
 ਇਸ ਹਾਲਾਤ 'ਚ ਵਿਦਿਆਰਥੀ ਜਥੇਬੰਦੀ ਖੜੀ ਕਰਨ ਲਈ ਤਕੜਾ ਸਿਦਕ ਲੋੜੀਂਦਾ ਸੀ। ਦ੍ਰਿੜ ਇਰਾਦਾ ਲੋੜੀਂਦਾ ਸੀ। ਜਨਤਾ 'ਚ ਅਥਾਹ ਭਰੋਸਾ ਲੋੜੀਂਦਾ ਸੀ। ਲਟ-ਲਟ ਬਲਦੀ ਸੂਝ ਲੋੜੀਂਦੀ ਸੀ। ਸਹੀ ਸੇਧ ਲੋੜੀਂਦੀ ਸੀ।
 ਪਿਰਥੀ ਦੇ ਰੂਪ 'ਚ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਵਿਹੜੇ 'ਚ ਇਨਾਂ ਗੁਣਾਂ ਦੀ ਕਰੂੰਬਲ ਫੁੱਟ ਪਈ ਸੀ। ਪਿਰਥੀ ਦੀ ਬੀਰ ਗਾਥਾ ਮਾਰੂ ਮੌਸਮਾਂ ਦੇ ਕਹਿਰ ਦਰਮਿਆਨ ਇਸ ਕਰੂੰਬਲ ਦੇ ਕੱਦ ਕੱਢਣ ਦੀ ਗਾਥਾ ਸੀ। ਜੁਆਨ ਹੋ ਕੇ ਝੂਲਦਾ ਅਡੋਲ ਰੁੱਖ ਬਣ ਜਾਣ ਦੀ ਗਾਥਾ ਸੀ।
 ਅਕਤੂਬਰ 1972 'ਚ ਪੰਜਾਬ ਦੀ ਵਿਦਿਆਰਥੀ ਲਹਿਰ ਨੇ ਵੱਡੀ ਕਰਵਟ ਲਈ। ਕਾਂਗਰਸ ਹਕੂਮਤ ਦੇ ਪੁਲਸ ਲਸ਼ਕਰਾਂ ਨੇ ਰੀਗਲ ਸਿਨਮੇ ਦੇ ਮਾਲਕਾਂ ਦੀ ਬਲੈਕ ਅਤੇ ਗੁੰਡਾਗਰਦੀ ਖਿਲਾਫ਼ ਮੁਜ਼ਾਹਰਾ ਕਰਦੇ ਵਿਦਿਆਰਥਆਂ 'ਤੇ ਗੋਲੀਆਂ ਦੀ ਬੇਦਰੇਗ ਵਾਛੜ ਕਰਕੇ ਕਈ ਜਣੇ ਸ਼ਹੀਦ ਕਰ ਦਿੱਤੇ। ਰੋਹ ਦੀ ਜੁਆਲਾ ਭੜਕ ਉੱਠੀ। ਹੁਣ ਵਿਦਿਆਰਥੀ ਨਿਆਸਰੇ ਨਹੀਂ ਸਨ। ਵਿਦਿਆਰਥੀ ਰੋਹ ਦੀ ਇਸ ਕਾਂਗ ਨੂੰ ਰਾਹ ਵਿਖਾਉਣ ਲਈ ਵਿਦਿਆਰਥੀ ਜਥੇਬੰਦੀ ਮੌਜੂਦ ਸੀ। ਬਾਲ ਉਮਰ 'ਚ ਹੀ ਵਿਦਿਆਰਥੀ ਜਥੇਬੰਦੀ ਦਾ ਵਿਤੋਂ ਵੱਡੀ ਚੁਣੌਤੀ ਨਾਲ ਮੱਥਾ ਲੱਗ ਗਿਆ ਸੀ। ''ਜੇ ਤੁਸੀਂ ਸਹੀ ਸੇਧ ਮਿਥਕੇ, ਲੋਕਾਂ 'ਤੇ ਭਰੋਸਾ ਰੱਖ ਕੇ ਚੱਲ ਪਓ, ਤਾਂ ਲੋਕ ਕਦੇ ਵੀ ਧੋਖਾ ਨਹੀਂ ਦਿੰਦੇ।'' ਇਹ ਧਾਰਨਾ ਪਿਰਥੀ ਅਤੇ ਉਹਦੇ ਹਾਣੀਆਂ ਦੇ ਮਨੀਂ ਵਸੀ ਹੋਈ ਸੀ।
 ਮੋਗਾ ਘੋਲ ਨੇ ਇਸ ਧਾਰਨਾ ਦੀ ਪੁਸ਼ਟੀ ਕਰ ਦਿੱਤੀ ਸੀ। ਮਹੀਨਿਆਂ ਬੱਧੀ ਵਿਦਿਆਰਥੀਆਂ ਅਤੇ ਲੋਕਾਂ ਦੇ ਭੇੜੂ ਕਾਫ਼ਲੇ ਪੁਲਸ ਲਸ਼ਕਰਾਂ ਨਾਲ ਲੋਹਾ ਲੈਂਦੇ ਰਹੇ ਸਨ। ਬੀ.ਐਸ.ਐਫ. ਦੀਆਂ ਪਲਟਨਾਂ ਅਤੇ ਫੌਜ ਦੇ ਫਲੈਗ ਮਾਰਚ ਬੇਅਸਰ ਹੋ ਕੇ ਰਹਿ ਗਏ ਸਨ। ਸਹਿਮ ਅਤੇ ਦਹਿਸ਼ਤ ਦਾ ਸੰਨਾਟਾ ਚਕਨਾ ਚੂਰ ਹੋ ਗਿਆ ਸੀ। 1971 'ਚ ਮੌਜੂਦਾ ਬੰਗਲਾਦੇਸ਼ 'ਤੇ ਫੌਜੀ ਚੜ
Hwਈ ਮਗਰੋਂ ਮੁਲਕ 'ਚ ਅੰਨੇ ਕੌਮੀ ਜਨੂੰਨ ਦੀ ਹਨੇਰੀ ਝੁਲਾਈ ਗਈ ਸੀ। ਕਾਂਗਰਸ ਪਾਰਟੀ ਨੇ ਇਸ ਹਨੇਰੀ 'ਤੇ ਸਵਾਰ ਹੋ ਕੇ ਚੋਣਾਂ 'ਚ ਭਾਰੀ ਬਹੁਗਿਣਤੀ ਨਾਲ ਜਿੱਤ ਹਾਸਲ ਕੀਤੀ ਸੀ। ਇਸ ਨੂੰ ''ਇੰਦਰਾ ਲਹਿਰ'' ਦਾ  ਨਾਂ ਦਿੱਤਾ ਗਿਆ ਸੀ। ਪਰ ਮੋਗਾ ਘੋਲ ਨੇ ਪੰਜਾਬ ਅੰਦਰ ''ਇੰਦਰਾ ਲਹਿਰ'' ਦਾ ਰੁਖ਼ ਬਦਲ ਦਿੱਤਾ ਸੀ। ਕਾਂਗਰਸੀ ਹਾਕਮ, ਘੋਲ ਨਾਲ ਗਦਾਰੀ ਕਰਨ ਵਾਲੀ ਵਿਦਿਆਰਥੀ ਫੈਡਰੇਸ਼ਨ ਤੇ ਇਸਦੀ ਸਰਪ੍ਰਸਤ ਸੀ.ਪੀ.ਆਈ. ਲੋਕਾਂ 'ਚੋਂ ਬੁਰੀ ਤਰਾਂ ਛੇਕੇ ਗਏ ਸਨ। ਵੱਡੇ ਲੋਕ ਘੋਲ 'ਚ ਵਟੇ ਮੋਗਾ ਸੰਗਰਾਮ ਨੇ ਪੀ.ਐਸ.ਯੂ. ਨੂੰ ਇੱਕ ਵਿਸ਼ਾਲ ਅਤੇ ਤਾਕਤਵਰ ਜਥੇਬੰਦੀ ਵਜੋਂ ਉਭਾਰ ਦਿੱਤਾ ਸੀ। ਇਹ ਗੈਰ-ਜਥੇਬੰਦ ਲੋਕਾਂ ਲਈ ਜਥੇਬੰਦ ਹੋਣ ਤੇ ਜੂਝਣ ਦਾ ਪ੍ਰੇਰਣਾ ਸਰੋਤ ਬਣ ਗਈ ਸੀ। ਪਿਰਥੀ ਪੁਲਾਂਘਾਂ ਭਰ ਰਹੀ ਵਿਦਿਆਰਥੀ ਲਹਿਰ ਦੇ ਮਕਬੂਲ ਆਗੂ ਵਜੋਂ ਸਥਾਪਤ ਹੋ ਗਿਆ ਸੀ। ਪੰਜਾਬ ਦੀ ਫਿਜ਼ਾ 'ਚ ਵੱਡੀ ਤਬਦੀਲੀ ਆ ਗਈ ਸੀ। ਮੋਗਾ ਘੋਲ ਤੋਂ ਬਾਅਦ ਦੇ ਵਰੇ, ਇਨਕਲਾਬੀ ਵਿਦਿਆਰਥੀ ਲਹਿਰ ਦੇ ਤੇਜ਼ੀ ਨਾਲ ਪੁਲਾਂਘਾਂ ਪੁੱਟਣ ਦੇ ਵਰੇ ਸਨ। ਇਸਦੇ ਝੰਜੋੜਵੇਂ ਅਸਰ ਹੇਠ ਲੋਕਾਂ ਦੇ ਵੱਖ-ਵੱਖ ਹਿੱਸਿਆਂ ਦੀ ਇਨਕਲਾਬੀ ਜਨਤਕ ਲਹਿਰ ਦੇ ਅੰਗੜਾਈ ਭਰਨ ਦੇ ਵਰੇਸਨ।
 ਕਾਲਜਾਂ ਦੇ ਵਿਹੜਿਆਂ ਤੋਂ ਇਨਕਲਾਬੀ ਚੇਤਨਾ ਦੀਆਂ ਕਿਰਨਾਂ ਪਿੰਡਾਂ ਦੀ ਜੁਆਨੀ ਤੱਕ ਪੁੱਜੀਆਂ। ਪੀ.ਐਸ.ਯੂ. ਦੀ ਜੁਝਾਰ ਸਾਥਣ ਬਣਕੇ ਉੱਭਰੀ ਨੌਜਵਾਨ ਭਾਰਤ ਸਭਾ ਪੇਂਡੂ ਧਨਾਢ ਚੌਧਰੀਆਂ ਦੀ ਜਗੀਰੂ ਦਬਸ਼ ਨਾਲ ਲੋਹਾ ਲੈਣ ਲੱਗੀ। ਕਿਸਾਨਾਂ, ਬੇਰੁਜ਼ਗਾਰ ਅਧਿਆਪਕਾਂ ਅਤੇ ਮਜ਼ਦੂਰਾਂ ਨੇ ਜਥੇਬੰਦ ਸੰਘਰਸ਼ਾਂ ਦੇ ਮੋਰਚੇ ਮੱਲ ਲਏ। ਵੱਡੇ ਘਮਸਾਨੀ ਸੰਘਰਸ਼ਾਂ ਦੀ ਭੱਠੀ 'ਚ ਢਲਕੇ ਫੌਲਾਦ ਹੋਈ ਪੀ.ਐਸ.ਯੂ. ਦੇ ਲੋਕਾਂ ਤੇ ਹਰ ਸੰਘਰਸ਼ ਦੇ ਅੰਗ ਸੰਗ ਰਹਿਣ ਅਤੇ ਲੋੜ ਪੈਣ 'ਤੇ ਸੰਘਰਸ਼ ਦੀ ਹਮਾਇਤ 'ਚ ਆਪਣੀ ਸਾਰੀ ਤਾਕਤ ਝੋਂਕ ਦੇਣ ਦੀ ਰਿਵਾਇਤ ਸਥਾਪਤ ਕੀਤੀ। ਆਪੋ ਆਪਣੇ ਤਬਕਿਆਂ ਦੇ ਹਿਤਾਂ ਦੀ ਤੰਗ ਵਲਗਣ ਚੀਰ ਸੁੱਟੀ ਗਈ। ਲੋਕਾਂ ਦੇ ਜੁਝਾਰ ਹਿੱਸੇ ਜਮਾਤੀ ਦੁਸ਼ਮਣਾਂ ਖਿਲਾਫ਼ ਇੱਕਮੁੱਠ ਹੋ ਕੇ ਜੂਝਣ ਅਤੇ ਭਰਾਤਰੀ ਸਾਂਝ ਪਾਲਣ ਦੀ ਭਾਵਨਾ 'ਚ ਰੰਗੇ ਗਏ। ਅਧਿਕਾਰੀਆਂ ਦੇ ਬਦਲਾ ਲਉ ਹਮਲੇ, ਪੁਲਸ ਜਬਰ ਦੀਆਂ ਹਨੇਰੀਆਂ, ਗੁੰਡਾਗਰਦੀ ਦਾ ਹਥਿਆਰ, ਸਰਕਾਰੀ ਕੂੜ ਪ੍ਰਚਾਰ ਦੀਆਂ ਵਾਛੜਾਂ, ਵਿਦਿਆਰਥੀ ਲਹਿਰ ਅੰਦਰ ਮੌਕਾਪ੍ਰਸਤ ਅਨਸਰਾਂ ਦੀ ਘੁਸਪੈਠ, ਕੋਈ ਵੀ ਹਥਿਆਰ ਪੀ.ਐਸ.ਯੂ. ਦੇ ਅਮਰਵੇਲ ਵਾਂਗ ਵਾਧੇ ਨੂੰ ਠੱਲ ਨਾ ਪਾ ਸਕਿਆ।
 ਪੀ.ਐਸ.ਯੂ. ਅਤੇ ਇਸ ਦੇ ਪ੍ਰਭਾਵ ਹੇਠ ਪੰਜਾਬ ਦੀ ਧਰਤੀ 'ਤੇ ਉਸਰ ਰਹੀ ਇਨਕਲਾਬੀ ਜਨਤਕ ਲਹਿਰ, ਨਿਰੀਆਂ ਜਨਤਕ ਭੀੜਾਂ ਦਾ ਮੇਲਾ ਨਹੀਂ ਸੀ। ਇਨਕਲਾਬੀ ਸਿਆਸੀ ਚੇਤਨਾ ਅਤੇ ਸਾਬਤ ਕਦਮੀਂ ਦੀ ਸਾਕਾਰ ਮੂਰਤ ਸੀ। ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਲਲਚਾਈਆਂ ਨਜ਼ਰਾਂ ਨਾਲ ਜਥੇਬੰਦ ਹੋਈ ਵਿਦਿਆਰਥੀ ਤਾਕਤ ਨੂੰ ਵਰਗਲਾਉਣ ਅਤੇ ਲੀਹੋਂ ਲਾਹੁਣ ਲਈ ਬੜੇ ਹੱਥ ਪੈਰ ਮਾਰੇ ਸਨ ਪਰ ਹਰ ਵਾਰੀ ਉਨਾਂ ਪੱਲੇ ਨਿਰਾਸ਼ਾ ਹੀ ਪਈ ਸੀ। 1974 'ਚ ਕਾਂਗਰਸੀ ਹਾਕਮਾਂ ਖਿਲਾਫ਼ ਲੋਕਾਂ ਦੀ ਬੇਚੈਨੀ ਨੂੰ ਗੁਮਰਾਹ ਕਰਨ ਅਤੇ ਕੁਰਸੀ ਭੇੜ ਦਾ ਸੰਦ ਬਨਾਉਣ ਲਈ ਮੌਕਾਪ੍ਰਸਤ ਵਿਰੋਧੀ ਸਿਆਸੀ ਪਾਰਟੀਆਂ ਨੇ ਜੈ ਪ੍ਰਕਾਸ਼ ਨਰਾਇਣ (ਜੇ.ਪੀ.) ਦੀ ਅਗਵਾਈ 'ਚ ਮੌਕਾਪ੍ਰਸਤ ਗੱਠਜੋੜ ਕੀਤਾ ਸੀ। ਇਸ ਗੱਠਜੋੜ ਨੇ ਬਿਹਾਰ ਅਤੇ ਗੁਜਰਾਤ 'ਚ ਵਿਦਿਆਰਥੀਆਂ ਨੌਜਵਾਨਾਂ ਨੂੰ ਆਪਣੇ ਮਨਸੂਬਿਆਂ ਦਾ ਸੰਦ ਬਣਾਉਣ 'ਚ ਸਫ਼ਲਤਾ ਹਾਸਲ ਕਰ ਲਈ ਸੀ ਪਰ ਪੰਜਾਬ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਜੋਕਾਂ ਦੀ ਸਿਆਸਤ ਦੇ ਮੁਕਾਬਲੇ ਲੋਕਾਂ ਦੀ ਸਿਆਸਤ ਦਾ ਝੰਡਾ ਉੱਚਾ ਚੁੱਕਿਆ ਸੀ। ''ਲੋਕ ਹਿੱਤਾਂ ਦੇ ਪਾ ਕੇ ਪੜਦੇ, ਸੱਜਣ ਠੱਗ ਗੱਦੀਆਂ ਲਈ ਲੜਦੇ'', ''ਰਾਜ ਭਾਗ ਦਾ ਆਵਾ ਊਤ, ਇਨਕਲਾਬ ਨੇ ਕਰਨਾ ਸੂਤ'' ਪਿਰਥੀ ਦੀ ਅਗਵਾਈ 'ਚ ਘੜੇ ਪੀ.ਐਸ.ਯੂ. ਦੇ ਇਹ ਨਾਅਰੇ ਵਿਦਿਆਰਥੀਆਂ ਅਤੇ ਲੋਕਾਂ ਦੇ ਜੁਝਾਰੂ ਹਿੱਸਿਆਂ ਦੇ ਬੋਲਾਂ 'ਚ ਗਰਜ ਉੱਠੇ ਸਨ। ਮੋਗੇ ਦੀ ਧਰਤੀ 'ਤੇ ਹੋਈ ਸੰਗਰਾਮ ਰੈਲੀ 'ਚ ਲੋਕਾਂ ਦੀ ਮੁਕਤੀ ਦਾ ਇਨਕਲਾਬ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ।
 ਜਦੋਂ 1975 'ਚ ਕਾਂਗਰਸੀ ਹਾਕਮਾਂ ਨੇ ਐਮਰਜੈਂਸੀ ਲਾਗੂ ਕਰਕੇ, ਸੰਘਰਸ਼ ਕਰਨ ਅਤੇ ਬੋਲਣ ਦੇ ਸਭ ਅਧਿਕਾਰ ਝਟਕ ਦਿੱਤੇ ਸਨ ਤਾਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਇਸ ਫਾਸ਼ੀ ਹੱਲੇ ਖਿਲਾਫ਼ ਜਨਤਕ ਵੰਗਾਰ ਦਾ ਅਖਾੜਾ ਬਣ ਗਈਆਂ ਸਨ।
ਪਿਰਥੀ ਅਤੇ ਹੋਰਨਾਂ ਜੁਝਾਰਾਂ ਨੇ ਕਾਲੇ ਕਾਨੂੰਨਾਂ ਤਹਿਤ ਨਜ਼ਰਬੰਦੀਆਂ ਅਤੇ ਇੰਟੈਰੋਗੇਸ਼ਨ ਸੈਟਰਾਂ ਦੇ ਜਬਰ ਦਾ ਸਾਹਮਣਾ ਕੀਤਾ। ਪਰ ਵਿਦਿਆਰਥੀ ਜਨਤਾ ਨੇ ਬੋਲਣ ਅਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਹਾਕਮਾਂ ਦੇ ਹਵਾਲੇ ਨਾ ਕੀਤਾ।
 1977 'ਚ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ 'ਚ ਕਾਂਗਰਸ ਹਕੂਮਤ ਲੁੜਕ ਗਈ। ਕੇਂਦਰ ਅਤੇ ਪੰਜਾਬ 'ਚ ਜਨਤਾ ਪਾਰਟੀ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਗੱਦੀ 'ਤੇ ਬੈਠੀਆਂ। ''ਜਮਹੂਰੀਅਤ ਦੀ ਬਹਾਲੀ'' ਦੇ ਨਾਂ ਹੇਠ ਗੱਦੀ 'ਤੇ ਆਈਆਂ ਇਨਾਂ ਸਰਕਾਰਾਂ  ਦੇ ਲੋਕ ਦੁਸ਼ਮਣ ਕਿਰਦਾਰ ਬਾਰੇ ਦਰੁਸਤ ਨਿਰਣਾ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਪਿਰਥੀ ਦੀ ਅਗਵਾਈ 'ਚ ਇਸ ਨੂੰ ਬੇਨਕਾਬ ਕਰਨ ਦਾ ਬੀੜਾ ਚੁੱਕਿਆ। ''ਲੁੱਟ ਤੇ ਜਬਰ 'ਤੇ ਟਿਕੀ ਹਰ ਹਕੂਮਤ, ਅੰਗਰੇਜ਼ਸ਼ਾਹੀ ਹੋਵੇ ਜਾਂ ਇੰਦਰਾਸ਼ਾਹੀ, ਹੱਕ ਸੱਚ ਦੀ ਆਵਾਜ਼ ਨੂੰ ਜਬਰ ਦੇ ਦੈਂਤ ਸੰਗ ਭਿੜਨਾ ਪੈਣਾ ਹੈ, ਇਸ ਭੇੜ 'ਚ ਜਥੇਬੰਦੀ ਬਿਨਾਂ ਕੋਈ ਸਹਾਰਾ ਨਹੀਂ, ਸੰਘਰਸ਼ ਬਿਨਾਂ ਕੋਈ ਰਾਹ ਨਹੀਂ।'' ਇਸ ਸੂਝ ਨੂੰ ਲੋਕਾਂ ਦੇ ਮਨੀਂ ਵਸਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਨੇ ਤੋਤਾ ਪ੍ਰਚਾਰ 'ਤੇ ਟੇਕ ਨਾ ਰੱਖੀ। ਨਵੇਂ ਹਾਕਮਾਂ ਦੇ ਵਾਅਦਿਆਂ ਅਤੇ ਲਾਰਿਆਂ ਨੂੰ ਅਮਲ ਦੀ ਕਸਵੱਟੀ 'ਤੇ ਲਾਉਣ ਲਈ ਲੋਕ ਹਿੱਤਾਂ ਅਤੇ ਜਮਹੂਰੀ ਹੱਕਾਂ ਨਾਲ ਸੰਬੰਧਤ ਠੋਸ ਮੁੱਦੇ ਉਭਾਰੇ ਗਏ। ਇਨਾਂ 'ਤੇ ਸੰਘਰਸ਼ ਛੇੜਨ ਅਤੇ ਛਿੜੇ ਸੰਘਰਸ਼ਾਂ ਨੂੰ ਮਘਾਉਣ-ਭਖਾਉਣ ਤੇ ਹੱਕਾਂ ਦੇ ਮਸਲੇ 'ਤੇ ਚਲਾਈ ਮਹੀਨਾ ਭਰ ਲੰਮੀ ਪ੍ਰਚਾਰ ਮੁਹਿੰਮ ਅਤੇ ਇਸਦੇ ਸਿਖਰ 'ਤੇ ਹੋਏ ਵਿਦਿਆਰਥੀ ਮਾਰਚ ਦੌਰਾਨ ਠੋਸ ਮੰਗਾਂ ਦੇ ਰਾਹੀਂ ''ਜਮਹੂਰੀਅਤ'' ਦਾ ਅਸਲੀ ਚਿਹਰਾ ਵਿਖਾਇਆ ਗਿਆ। ਨਰਸਾਂ 'ਤੇ ਹੋਇਆ ਲਾਠੀਚਾਰਜ ਹੋਵੇ ਜਾਂ ਬੇਰੁਜ਼ਗਾਰ ਅਧਿਆਪਕਾਂ 'ਤੇ ਜੇਲ
H 'ਚ ਹੋਈ ਫਾਇਰਿੰਗ, ਪੁਲਸ ਥਾਣਿਆਂ 'ਚ ਗੁੰਡਾ ਟੋਲਿਆਂ, ਫੈਕਟਰੀ ਮਾਲਕਾਂ ਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ ਹੋਏ ਕਤਲਾਂ ਦੇ ਮਾਮਲੇ ਹੋਣ, ਦਫਾ 144 ਦਾ ਮਾਮਲਾ ਹੋਵੇ, ਹੜਤਾਲਾਂ 'ਤੇ ਪਾਬੰਦੀ ਦਾ ਮਾਮਲਾ ਹੋਵੇ ਜਾਂ ਜਾਬਰ ਕਾਲੇ ਕਾਨੂੰਨ ਮੜ•ਨ ਦਾ ਸਵਾਲ - ਕਿਸੇ ਵੀ ਤਬਕੇ ਦੇ ਜਮਹੂਰੀ ਹੱਕਾਂ 'ਤੇ ਹੋਇਆ ਕੋਈ ਵੀ ਵਾਰ ਵਿਦਿਆਰਥੀਆਂ ਦੇ ਤਿੱਖੇ ਜਨਤਕ ਵਿਰੋਧ ਤੋਂ ਸੁੱਕਾ ਨਹੀਂ ਸੀ ਬਚਦਾ। 1977-78 ਦੇ ਸੈਸ਼ਨ 'ਚ ਥਾਣਿਆਂ 'ਚ ਹੋਏ ਪੁਲਸ ਕਤਲਾਂ ਦੇ ਦਰਜਣ ਤੋਂ ਵੱਧ ਮਾਮਲਿਆਂ 'ਚ ਖਾੜਕੂ ਸੰਘਰਸ਼ਾਂ ਰਾਹੀਂ ਪੁਲਸ ਅਧਿਕਾਰੀਆਂ ਨੂੰ ਹੱਥਕੜੀਆਂ ਲੁਆਈਆਂ ਗਈਆਂ ਅਤੇ ਇਨਾਂ ਸਭਨਾਂ ਸੰਘਰਸ਼ਾਂ 'ਚ ਪੀ.ਐਸ.ਯੂ. ਨੇ ਮੋਹਰੀ ਰੋਲ ਅਦਾ ਕੀਤਾ। ਵਿਦਿਆਰਥੀ ਜਨਤਾ ਅੰਦਰ ਆਪਣੇ ਸਮਾਜਕ ਰੋਲ ਦਾ ਅਹਿਸਾਸ ਇੰਨਾ ਘਰ ਕਰ ਚੁੱਕਿਆ ਸੀ ਕਿ ਕੋਈ ਵੀ ਤਬਕਾ ਆਪਣਾ ਸੰਘਰਸ਼ ਵਿੱਢਣ ਸਮੇਂ ਵਿਦਿਆਰਥੀਆਂ ਦੀ ਜਨਤਕ ਹਮਾਇਤ ਨੂੰ ਗਿਣਤੀ 'ਚ ਰੱਖ ਕੇ ਚੱਲ ਸਕਦਾ ਸੀ।
 ਕਾਂਗਰਸੀ ਹਾਕਮਾ ਤੋਂ ਬਾਅਦ ਅਕਾਲੀ ਜਨਤਾ ਸਰਕਾਰ ਨਾ ਸਿਰਫ਼ ਵਿਦਿਆਰਥਆਂ ਦੇ ਵਿਸ਼ਾਲ ਹਿੱਸਿਆਂ 'ਚੋਂ ਬੁਰੀ ਤਰਾਂ ਨਿੱਖੜੀ ਹੋਈ ਸੀ। ਸੂਬੇ 'ਚ ਵਾਪਰੀਆਂ ਅਹਿਮ ਸਿਆਸੀ ਘਟਨਾਵਾਂ ਸਮੇਂ ਵਿਦਿਆਰਥੀ ਅਤੇ ਨੌਜੁਆਨ ਜਥੇਬੰਦੀ ਦੇ ਧੁਰੇ ਦੁਆਲੇ ਲੋਕਾਂ ਦੇ ਜੁਝਾਰ ਹਿੱਸਿਆਂ ਦੀ ਲਾਮਬੰਦੀ ਪੰਜਾਬ ਦੇ ਸਿਆਸੀ ਮਾਹੌਲ ਦਾ ਇੱਕ ਮਹੱਤਵਪੂਰਣ ਪੱਖ ਬਣਦੀ ਜਾ ਰਹੀ ਸੀ। ਇਸਦੇ ਬੋਲਾਂ ਦੀ ਗੂੰਜ ਉੱਚੀ ਹੋ ਰਹੀ ਸੀ। ਇਸ ਇਨਕਲਾਬੀ ਜਨਤਕ ਤਾਕਤ ਨੂੰ ਅਣਗੌਲਿਆਂ ਕਰ ਸਕਣਾ ਜੋਕਾਂ ਦੀਆਂ ਧਿਰਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਸੀ। ਉੱਸਰ ਰਹੀ ਜਨਤਕ ਲਹਿਰ ਦੀ ਸਿਰ ਕੱਢ ਇਨਕਲਾਬੀ ਟੁਕੜੀ ਪੀ.ਐਸ.ਯੂ. ਦਾ ਜਰਨੈਲ ਪਿਰਥੀ, ਜੁਝਾਰ ਜਨਤਾ ਦੇ ਵਲਵਲਿਆਂ ਅਤੇ ਉਮੰਗਾਂ ਦਾ ਚਿੰਨ
H ਬਣਿਆ ਹੋਇਆ ਸੀ।
ਪਿਰਥੀ ਨੂੰ ਸ਼ਹੀਦ ਕਰ ਕੇ ਅਕਾਲੀ ਜਨਤਾ ਸਰਕਾਰ ਨੇ ਉਨਾਂ ਲਈ ਚੁਣੌਤੀ ਬਣ ਕੇ ਉਭਰ ਰਹੀ ਇਨਕਲਾਬੀ ਲਹਿਰ ਦਾ ਨਾਮ ਨਿਸ਼ਾਨ ਮਿਟਾ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਪਰ ਇਨਕਲਾਬੀ ਜਨਤਕ ਲਹਿਰ ਦੀ ਪੌੜੀ ਦੇ ਅਗਲੇ ਡੰਡੇ ਇਸਦੇ ਕਦਮਾਂ ਦੀ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਸਨ।
 ਪਿਰਥੀ ਦੀ ਸ਼ਹਾਦਤ ਦੇ ਝੰਜੋੜੇ ਨਾਲ ਪੰਜਾਬ ਦੀ ਵਿਦਿਆਰਥੀ ਲਹਿਰ ਅਤੇ ਇਨਕਲਾਬੀ ਜਨਤਕ ਲਹਿਰ ਦੀਆਂ ਉਹ ਸੱਭੇ ਰਵਾਇਤਾਂ ਭਰ ਜੋਬਨ 'ਤੇ ਆ ਕੇ ਟਹਿਕ ਪਈਆਂ, ਜੋ ਲਗਭਗ ਇੱਕ ਦਹਾਕੇ ਦੀ ਸ਼ਾਨਾਮੱਤੀ ਘਾਲਣਾ ਰਾਹੀਂ ਸਿਰਜੀਆਂ ਗਈਆਂ ਸਨ। ਹਾਕਮ ਜਮਾਤਾਂ ਨੇ ਵਿਦਿਆਰਥੀ ਲਹਿਰ 'ਤੇ ਖੂਨੀ ਵਾਰ ਕਰਨ ਸਮੇਂ ਟੇਢਾ ਅਤੇ ਸੂਖਮ ਢੰਗ ਵਰਤਿਆ ਸੀ। ਰਾਜ ਸੱਤਾ ਰਾਹੀਂ ਸਿੱਧੇ ਕਰਨ ਦੀ ਬਜਾਏ ਆਪਣੇ ਜ਼ਰਖਰੀਦ ਗੁੰਡਾ ਟੋਲੇ ਨੂੰ ਹਥਿਆਰ ਵਜੋਂ ਵਰਤਿਆ ਸੀ। ਪਿਰਥੀ ਦੀ ਸ਼ਹਾਦਤ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਇਹ ਬਿਆਨ ਦਾਗੇ ਸਨ ਕਿ ਇਹ ਕਤਲ ਦੋ ਵਿਦਿਆਰਥੀ ਗਰੁੱਪਾਂ ਦੀ ਆਪਸੀ ਲੜਾਈ ਦਾ ਸਿੱਟਾ ਹੈ ਪਰ ਪੰਜਾਬ ਦੇ ਵਿਦਿਆਰਥੀਆਂ ਅਤੇ ਜੁਝਾਰ ਲੋਕਾਂ ਨੇ ਇਸ ਕੂੜ ਕਹਾਣੀ ਨੂੰ ਹਕਾਰਤ ਨਾਲ ਠੁਕਰਾ ਦਿੱਤਾ। ਸਾਲ 78-79 'ਚ ਵਿਦਿਆਰਥੀ ਘੁਲਾਟੀਆਂ 'ਤੇ ਜਥੇਬੰਦ ਗੁੰਡਾ ਹਮਲਿਆਂ  ਨੇ ਤੇਜ਼ੀ ਫੜ
H ਲਈ। ਇੱਕ ਤੋਂ ਬਾਅਦ ਦੂਜੀ ਵਿੱਦਿਅਕ ਸੰਸਥਾ 'ਚ ਵਿਦਿਆਰਥੀ ਜਨਤਾ ਦਾ ਗੁੰਡਿਆਂ, ਪੁਲਸ ਅਧਿਕਾਰੀਆਂ ਅਤੇ ਹਾਕਮ ਪਾਰਟੀ ਦੇ ਸਿਆਸਤਦਾਨਾਂ ਦੇ ਗੱਠਜੋੜ ਨਾਲ ਪੇਚਾ ਪੈ ਰਿਹਾ ਸੀ। ਗੁੰਡਾ ਟੋਲਿਆਂ ਨੂੰ ਸ਼ਿਸ਼ਕਾਰਦੇ ਪੁਲਸ ਅਧਿਕਾਰੀ ਅਤੇ ਹਾਕਮ ਨਿਰਪੱਖ ਹੋਣ ਦਾ ਖੇਖਣ ਕਰਦੇ ਸਨ, ਪਰ ਅਸਲ 'ਚ ਗੁੰਡਿਆਂ ਦੀ ਸੁਰੱਖਿਆ ਕਰਦੇ ਸਨ। ਵਿਦਿਆਰਥੀ ਜੁਝਾਰਾਂ ਖਿਲਾਫ਼ ਕੇਸ ਮੜHਨ, ਐਕਸ਼ਨ ਲੈਣ ਅਤੇ ਗ੍ਰਿਫਤਾਰੀਆਂ ਕਰਨ ਦਾ ਚੱਕਰ ਗਰੋਹਾਂ ਨੂੰ ਥਾਂ-ਥਾਂ ਜਨਤਕ ਤਾਕਤ ਦੇ ਜ਼ੋਰ ਭੰਬੋੜਿਆ ਗਿਆ। ਇਨਾਂ ਨਾਲ ਗੱਠਜੋੜ ਕਰ ਕੇ ਚੱਲ ਰਹੇ ਵਿਦਿਅਕ ਅਧਿਕਾਰੀਆਂ, ਪੁਲਸ ਅਤੇ ਸਿਆਸਤਦਾਨਾਂ ਦਾ ਘਿਨਾਉਣਾ ਰੋਲ ਬੇਪੜਦ ਕੀਤਾ ਗਿਆ। ਇਹ ਸੱਚਾਈ ਪ੍ਰਤੱਖ ਕਰ ਕੇ ਵਿਖਾਈ ਗਈ ਕਿ ਵਿਦਿਆਰਥੀ ਆਗੂਆਂ 'ਤੇ ਰਹੇ ਗੁੰਡਾ ਹਮਲੇ ਇਨਕਲਾਬੀ ਲੋਕ ਲਹਿਰ ਖਿਲਾਫ਼ ਹਾਕਮ ਜਮਾਤਾਂ ਵੱਲੋਂ ਸੇਧੇ ਫਾਸ਼ੀ ਵਾਰਾਂ ਦਾ ਹਿੱਸਾ ਹਨ। ਨਾ ਸਿਰਫ਼ ਵਿਦਿਆਰਥੀ ਜਨਤਾ ਸਗੋਂ ਹੋਰਨਾਂ ਲੋਕਾਂ ਦੇ ਜੁਝਾਰ ਹਿੱਸੇ ਵੀ ਵਿਦਿਆਰਥੀ ਲਹਿਰ ਦੀਆਂ ਲੋਕ ਪੱਖੀ ਰਵਾਇਤਾਂ ਤੋਂ ਵਾਕਫ਼ ਹੋਣ ਕਰਕੇ ਇਨW ਗੁੰਡਾ ਹਮਲਿਆਂ ਦੀ ਅਸਲੀਅਤ ਪਛਾਣਦੇ ਸਨ।
 ਇਸ ਕਰਕੇ ਪਿਰਥੀ ਦੀ ਸ਼ਹਾਦਤ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਦੀ ਜੁਝਾਰ ਜਨਤਾ, ਇਨਸਾਫ਼ਪਸੰਦ ਹਲਕਿਆਂ ਅਤੇ ਵੱਖ ਵੱਖ ਸਿਆਸੀ ਤਾਕਤਾਂ ਨੂੰ ਵੀ ਇਹ ਸਮਝਣ 'ਚ ਭੋਰਾ ਭਰ ਦੇਰ ਨਾ ਲੱਗੀ ਕਿ ਪਿਰਥੀ ਦੀ ਸ਼ਹਾਦਤ ਲੋਕ ਦੁਸ਼ਮਣ ਹਾਕਮਾਂ ਵੱਲੋਂ ਕੀਤਾ ਗਿਆ ਸਿਆਸੀ ਕਤਲ ਹੈ। ਇਸ ਸਿਆਸੀ ਕਤਲ ਦੀ ਜੁੰਮੇਵਾਰ ਬਾਦਲ ਸਰਕਾਰ ਖਿਲਾਫ਼ ਨਿਖੇਧੀ ਬਿਆਨਾਂ ਅਤੇ ਜਨਤਕ ਫਿਟਕਾਰਾਂ ਦੀ ਝੜੀ ਲੱਗ ਗਈ। ਇਉਂ ਐਨ ਸ਼ੁਰੂ 'ਚ ਹੀ ਬਾਦਲ ਸਰਕਾਰ ਲੋਕਾਂ ਦੇ ਵਿਸ਼ਾਲ ਹਿੱਸਿਆਂ ਨਾਲੋਂ ਪਿਰਥੀ ਦੀ ਸ਼ਹਾਦਤ ਦੇ ਸਿਆਸੀ ਮੁਜਰਮਾਂ ਵਜੋਂ ਟਿੱਕੀ ਜਾ ਚੁੱਕੀ ਸੀ ਅਤੇ ਇਸ ਸਿਆਸੀ ਕਤਲ ਦੀ ਅਸਲੀਅਤ 'ਤੇ ਪਰਦਾ ਪਾਉਣ ਦਾ ਚਤੁਰ ਮਨਸੂਬਾ ਮਾਤ ਖਾ ਗਿਆ।
 ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਬੰਦ ਹੋਣ ਦੇ ਬਾਵਜੂਦ 20 ਜੁਲਾਈ ਨੂੰ ਸਵੇਰੇ ਹੀ ਅਖਬਾਰਾਂ 'ਚੋਂ ਖ਼ਬਰ ਪੜ
H ਕੇ ਹਜ਼ਾਰਾਂ ਵਿਦਿਆਰਥੀਆਂ ਅਤੇ ਲੋਕਾਂ ਨੇ ਦਸੂਹੇ ਦੀ ਧਰਤੀ ਵੱਲ ਚਾਲੇ ਪਾ ਦਿੱਤੇ ਸਨ ਜਿੱਥੇ ਸ਼ਹੀਦ ਪਿਰਥੀ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਣੀ ਸੀ। ਦਸੂਹੇ ਦੇ ਲੋਕਾਂ ਨੇ ਆਪਣੀ ਸੁਰਤ 'ਚ ਇਹ ਪਹਿਲਾ ਜਨਾਜ਼ਾ ਵੇਖਿਆ ਸੀ ਜਿਸਦੇ ਪਿੱਛੇ ਰੋਹ ਭਰੀਆਂ ਨਜ਼ਰਾਂ ਨਾਲ ਹਜ਼ਾਰਾਂ ਲੋਕਾਂ ਦਾ ਕਾਫ਼ਲਾ ਨਾਅਰਿਆਂ ਨਾਲ ਆਕਾਸ਼ ਗੁੰਜਾਉਂਦਾ ਚੱਲ ਰਿਹਾ ਸੀ। ਹਜ਼ਾਰਾਂ ਲੋਕਾਂ ਦੇ ਇਕੱਠ 'ਚ ਹਾਕਮਾਂ ਦੇ ਖੂਨੀ ਵਾਰ ਦੀ ਚੁਣੌਤੀ ਕਬੂਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਵਿਦਿਆਰਥੀ ਜਨਤਾ ਸਿਰ ਤਲੀ 'ਤੇ ਧਰ ਕੇ ਜਾਨ ਹੂਲਵੇਂ ਸੰਘਰਸ਼ ਦੇ ਮੈਦਾਨ 'ਚ ਠਿੱਲ ਪਈ ਸੀ।
 ਸੂਬੇ ਦੀ ਕੋਈ ਜਨਤਕ ਜਥੇਬੰਦੀ ਵਿਸ਼ਾਲ ਜਨਤਕ ਰੋਸ ਦੀ ਇਸ ਲਹਿਰ ਤੋਂ ਅਣਭਿਜ ਨਹੀਂ ਰਹੀ ਸੀ। ਸਿਆਸੀ ਪਾਰਟੀਆਂ ਅਤੇ ਬੁਰਜੂਆ ਅਖ਼ਬਾਰਾਂ ਨੇ ਇੱਕ ਵਾਢਿਓਂ ਇਸ ਕਤਲ ਦੀ ਨਿੰਦਾ ਕੀਤੀ ਸੀ ਅਤੇ ਇਸ ਨੂੰ ਸਿਆਸੀ ਕਤਲ ਕਰਾਰ ਦਿੱਤਾ ਸੀ। ਅਕਾਲੀ ਸਰਕਾਰ ਨੂੰ ਪਹਿਲੀ ਵਾਰ ਏਡੇ ਵਿਆਪਕ ਸਿਆਸੀ ਨਿਖੇੜੇ ਦਾ ਸਾਹਮਣਾ ਕਰਨਾ ਪਿਆ ਸੀ। ਰੋਸ ਅਤੇ ਰੋਹ ਅਵਾਜ਼ਾਂ ਮੁਲਕ ਦੇ ਦੂਜੇ ਸੂਬਿਆਂ ਅਤੇ ਬਦੇਸ਼ਾਂ ਦੀ ਧਰਤੀ 'ਤੇ ਵੀ ਗੂੰਜ ਉਠੀਆਂ ਸਨ। ਮੁਲਕ ਦੇ ਨਾਮਵਰ ਬੁੱਧੀਜੀਵੀਆਂ ਨੇ ਸੈਂਕੜਿਆਂ ਦੀ ਗਿਣਤੀ 'ਚ ਇਸ ਕਤਲ ਦੀ ਨਿਖੇਧੀ ਕਰਦੇ ਬਿਆਨ ਜਾਰੀ ਕੀਤੇ ਅਤੇ ਮੈਮੋਰੰਡਮ ਦਿੱਤੇ ਸਨ। ਅਕਾਲੀ ਸਰਕਾਰ ਦੇ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਦੇ ਕਿੰਨੇ ਹੀ ਪਿੰਡਾਂ 'ਚ ਹਜ਼ਾਰਾਂ ਮਰਦਾਂ ਔਰਤਾਂ ਦੇ ਇਕੱਠਾਂ ਨੇ ਬਾਦਲ ਸਰਕਾਪ ਦੀਆਂ ਅਰਥੀਆਂ ਸਾੜੀਆਂ ਸਨ। ਕੁਝ ਥਾਈਂ ਇਨਾਂ ਅਰਥੀ ਫੂਕ ਰੈਲੀਆਂ 'ਚ ਲੋਕਾਂ ਦੀ ਗਿਣਤੀ ਦਸ ਹਜ਼ਾਰ ਤੱਕ ਜਾ ਅੱਪੜੀ ਸੀ।
 ਪੰਜਾਬ ਦੇ ਦਹਾਕਿਆਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਸੀ ਕਿ ਤਕਰੀਬਨ ਹਰ ਕਸਬੇ ਅਤੇ ਸ਼ਹਿਰ 'ਚ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀਆਂ ਟਰੇਡ ਯੂਨੀਅਨਾਂ  ਨੇ ਐਕਸ਼ਨ ਕਮੇਟੀਆਂ ਕਾਇਮ ਕਰਕੇ ਆਰਥਕ ਮੰਗਾਂ ਦੀਆਂ ਤੰਗ ਵਲਗਣਾਂ ਚੀਰ ਕੇ, ਇੱਕ ਸਿਆਸੀ ਕਤਲ ਦੇ ਮੁੱਦੇ 'ਤੇ ਜਨਤਕ ਵਿਰੋਧ ਦੀਆਂ ਮੁਹਿੰਮਾਂ ਜਥੇਬੰਦ ਕੀਤੀਆਂ ਅਤੇ ਰੈਲੀਆਂ, ਮੁਜ਼ਾਹਰਿਆਂ, ਕਾਨਫਰੰਸਾਂ ਅਤੇ ਸ਼ੋਕ ਸਮਾਗਮਾਂ ਦਾ ਤਾਂਤਾ ਬੰਨ
H ਦਿੱਤਾ ਸੀ।
 ਇਸ ਵਿਆਪਕ ਰੋਹ ਦੀ ਲਹਿਰ ਨੂੰ ਵੇਖ ਕੇ ਅਕਾਲੀ ਸਰਕਾਰ ਬੁਖ਼ਲਾ ਉੱਠੀ। ਹਥਿਆਰਬੰਦ ਪੁਲਸ ਲਸ਼ਕਰਾਂ ਦੇ ਪਟੇ ਖੋਲ
H ਦਿੱਤੇ ਗਏ। ਵਿਦਿਆਰਥੀਆਂ, ਨੌਜੁਆਨਾਂ ਦੇ ਰੈਲੀਆਂ ਮੁਜ਼ਾਹਰਿਆਂ 'ਤੇ ਡਾਂਗਾ ਦੀ ਵਾਛੜ ਕੀਤੀ ਜਾਣ ਲੱਗੀ। ਧੜਾਧੜ ਛਾਪਿਆਂ ਅਤੇ ਗ੍ਰਿਫਤਾਰੀਆਂ ਦਾ ਸਿਲਸਿਲਾ ਛੇੜ ਦਿੱਤਾ ਗਿਆ। ਮੁਜ਼ਾਹਰਿਆਂ 'ਚ ਗ੍ਰਿਫਤਾਰ ਕੀਤੀਆਂ ਵਿਦਿਆਰਥਣਾਂ 'ਤੇ ਵੀ ਇਰਾਦਾ ਕਤਲ ਦੇ ਝੂਠੇ ਕੇਸ ਮੜH ਦਿੱਤੇ ਗਏ। ਪੁਲਸ ਲਸ਼ਕਰ ਪਿੰਡਾਂ 'ਚ ਦਾਖ਼ਲ ਹੁੰਦੇ, ਘਰਾਂ ਦੇ ਸਮਾਨ ਦੀ ਭੰਨ ਤੋੜ ਕਰਦੇ, ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਮਸ਼ਕਾਂ ਬੰਨH ਕੇ ਥਾਣੇ ਧੂਹ ਲਿਆਉਂਦੇ ਅਤੇ ਖੜੀਆਂ ਫਸਲਾਂ ਉਜਾੜ ਦਿੰਦੇ। ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਭਗਵਾਨ ਸਿੰਘ ਦਾਨੇਵਾਲੀਆ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ''ਨੌਜੁਆਨ ਭਾਰਤ ਸਭਾ ਨਕਸਲੀਆਂ ਦਾ ਹਰਾਵਲ ਦਸਤਾ ਹੈ। ਇਸ ਨੂੰ ਕੁਚਲ ਦਿੱਤਾ ਜਾਵੇਗਾ।'' ਪੰਜਾਬ ਦੀ ਧਰਤੀ 'ਤੇ ਬੇਐਲਾਨ ਐਮਰਜੈਂਸੀ ਲਾਗੂ ਕਰ ਦਿੱਤੀ ਗਈ।
 ਇਹ ਪੰਜਾਬ ਭਰ ਦੇ ਜੁਝਾਰ ਲੋਕਾਂ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਅਤੇ ਨੌਜੁਆਨਾਂ ਲਈ ਸਖ਼ਤ ਇਮਤਿਹਾਨ ਦਾ ਵੇਲਾ ਸੀ। ਪਿਰਥੀ ਨੂੰ ਸ਼ਹੀਦ ਕਰਕੇ ਹਾਕਮਾਂ ਨੇ ਪੀ.ਐਸ.ਯੂ. ਦੀ ਵੱਕਾਰੀ ਕਲਗੀ 'ਤੇ ਝਪਟ ਮਾਰੀ ਸੀ। ਇਨਕਲਾਬੀ ਜਮਹੂਰੀ ਲਹਿਰ ਦੀ ਉਭਰਦੀ ਤਾਕਤ ਨੂੰ ਇਸ ਫਾਸ਼ੀ ਵਾਰ ਨਾਲ ਨਿੱਸਲ ਕਰ ਦੇਣਾ ਚਾਹਿਆ ਸੀ। ਬੇਐਲਾਨ ਐਮਰਜੈਂਸੀ ਵਰਗੀ ਹਾਲਤ ਪੈਦਾ ਕਰਕੇ ਉਹ ਇਸ ਫਾਸ਼ੀ ਵਾਰ ਦੀ ਸੱਟ ਨੂੰ ਪੱਕੇ ਪੈਰੀਂ ਕਰਨਾ ਲੋਚਦੇ ਸਨ ਪਰ ਪੰਜਾਬ ਦੀ ਵਿਦਿਆਰਥੀ ਲਹਿਰ ਕੋਲ ਜਮਹੂਰੀ ਹੱਕਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਪਿਰਥੀ ਦੀ ਅਗਵਾਈ 'ਚ ਵਿਕਸਤ ਕੀਤੀ ਦਰੁਸਤ ਇਨਕਲਾਬੀ ਸੇਧ ਮੌਜੂਦ ਸੀ। ''ਲੋਕਾਂ ਦੇ ਜਮਹੂਰੀ ਹੱਕ, ਹੱਕਾਂ ਲਈ ਸੰਘਰਸ਼ ਦੇ ਅਖਾੜਿਆਂ 'ਚ ਹੀ ਜਨਮਦੇ ਅਤੇ ਪ੍ਰਫੁੱਲਤ ਹੁੰਦੇ ਹਨ।'' ਇਸ ਸੋਝੀ ਤੋਂ ਪ੍ਰੇਰਨਾ ਲੈਂਦਿਆਂ ਜਮਹੂਰੀ ਹੱਕਾਂ ਲਈ ਸੰਘਰਸ਼ ਦੇ ਖੇਤਰ 'ਚ ਇੱਕ ਹੋਰ ਪੁਲਾਂਘ ਪੁੱਟੀ ਗਈ। ਵਿਦਿਆਰਥੀ ਨੌਜੁਆਨ ਕਰਿੰਦਿਆਂ ਦੀਆਂ ਟੋਲੀਆਂ ਕਾਲਜਾਂ ਦੇ ਕਲਾਸ ਰੂਮਾਂ, ਖੇਤ ਮਜ਼ਦੂਰਾਂ ਦੇ ਵਿਹੜਿਆਂ ਅਤੇ ਕਿਸਾਨਾਂ ਦੇ ਖੇਤਾਂ 'ਚ ਫੈਲ ਗਈਆਂ। ਸਖ਼ਤ ਚੌਕਸੀ ਨਾਲ ਥਾਂ-ਥਾਂ ਖੁਫੀਆ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਗਿਆ। 23 ਅਗਸਤ ਨੂੰ ਮੋਗੇ ਅਤੇ ਲੁਧਿਆਣੇ ਦੀਆਂ ਸੜਕਾਂ 'ਤੇ ਡਾਂਗਾਂ ਨਾਲ ਲੈਸ ਰੋਹ ਭਰੇ ਵਿਦਿਆਰਥੀਆਂ ਦੇ ਕਾਫ਼ਲੇ ਹਜ਼ਾਰਾਂ ਦੀ ਗਿਣਤੀ 'ਚ ਅਚਨਚੇਤ ਸੜਕਾਂ 'ਤੇ ਆ ਨਿੱਤਰੇ। ਪੁਲਸ ਅਧਿਕਾਰੀ ਭਮੱਤਰ ਕੇ ਰਹਿ ਗਏ। ਟੈਲੀਫੋਨਾਂ ਦੀਆਂ ਘੰਟੀਆਂ ਖੜਕੀਆਂ, ਹਥਿਆਰਬੰਦ ਪੁਲਸ ਲਸ਼ਕਰਾਂ ਦੀਆਂ ਭਰੀਆਂ ਗੱਡੀਆਂ ਘਬਰਾਹਟ ਦੀ ਹਾਲਤ 'ਚ ਇੱਧਰ-ਉੱਧਰ ਸਰਪਟ ਦੌੜੀਆਂ। ਪਰ ਪੁਲਸ ਧਾੜਾਂ ਦਰਮਿਆਨ ਵਿਦਿਆਰਥੀ ਨੌਜੁਆਨਾਂ ਦੇ ਸਿਰਲੱਥ ਕਾਫ਼ਲੇ ਬੇਖੌਫ਼ ਹੋ ਕੇ ਅੱਗੇ ਵਧੇ। ਜ਼ਿਲਾ ਹੈਡਕੁਆਟਰਾਂ ਤੋਂ ਰਾਜਧਾਨੀ ਤੱਕ ਵਾਇਰਲੈਸਾਂ ਹੜਬੜਾਏ ਸੰਦੇਸ਼ਾਂ ਦਾ ਵਟਾਂਦਰਾ ਕਰਦੀਆਂ ਰਹੀਆਂ। ਪੁਲਸ ਅਧਿਕਾਰੀਆਂ ਦਾ ਜਾਇਜ਼ਾ ਸੀ ਕਿ ਲੜਨ ਮਰਨ ਲਈ ਤਿਆਰ ਡਾਂਗਾਂ ਨਾਲ ਲੈਸ ਹਜ਼ਾਰਾਂ ਦੇ ਕਾਫ਼ਲਿਆਂ 'ਤੇ ਵਾਰ ਕਰਨ ਦੀ ਹਾਲਤ 'ਚ ਵੱਡੇ ਘਮਸਾਨੀ ਭੇੜ ਅਟੱਲ ਹਨ। ਰਾਜ ਭਾਗ ਦੇ ਮਾਲਕਾਂ ਦਾ ਜਾਇਜ਼ਾ ਸੀ ਕਿ ਏਡੇ ਘੱਲੂਘਾਰੇ ਡਾਵਾਂਡੋਲ ਅਤੇ ਅੰਦਰੂਨੀ ਤਣਾਵਾਂ 'ਚ ਫਸੇ ਹਾਕਮਾਂ ਨੂੰ ਵਾਰਾ ਨਹੀਂ ਖਾਂਦੇ। ਰਾਜਭਾਗ ਦੀ ਜਾਬਰ ਸ਼ਕਤੀ ਨੇ ਲੜਾਕੂ ਜਨਤਕ ਤਾਕਤ ਦੇ ਵੇਗ ਤੋਂ ਪਾਸਾ ਵੱਟ ਕੇ ਵਕਤ ਲੰਘਾਉਣ ਦਾ ਫੈਸਲਾ ਕਰ ਲਿਆ। ਵਿਦਿਆਰਥੀ ਆਗੂਆਂ ਨੇ ਲਾਊਡ ਸਪੀਕਰਾਂ ਤੋਂ ਪੁਲਸ ਲਸ਼ਕਰਾਂ ਨੂੰ ਵਿਦਿਆਰਥੀ ਮੁਜ਼ਾਹਰਿਆਂ ਤੋਂ ਨਿਸ਼ਚਿਤ ਵਿੱਥ 'ਤੇ ਰਹਿਣ ਦੀਆਂ ਹਦਾਇਤਾਂ ਕੀਤੀਆਂ ਅਤੇ ਪੁਲਸ ਅਧਿਕਾਰੀ ਆਗਿਆਕਾਰ ਬਣ ਕੇ ਇਨਾਂ ਹਦਾਇਤਾਂ ਦਾ ਪਾਲਣ ਕਰਾਉਂਦੇ ਵੇਖੇ ਗਏ। ਰੋਹ ਭਰੀਆਂ ਜਨਤਕ ਰੈਲੀਆਂ ਨੂੰ ਉਨਾਂ ਮਫ਼ਰੂਰ ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ ਜਿਨਾਂ ਨੂੰ ਨਜ਼ਰ ਆਉਣ 'ਤੇ ਚੁੱਕ ਲੈਣ ਲਈ ਸਿਵਲ ਕੱਪੜਿਆਂ 'ਚ ਤਾਇਨਾਤ ਖੁਫ਼ੀਆ ਪੁਲਸ ਦਸਤੇ ਪੈੜਾਂ ਸੁੰਘਦੇ ਫਿਰ ਰਹੇ ਸਨ।
  ਲੁਧਿਆਣੇ ਅਤੇ ਮੋਗੇ ਤੋਂ ਬਾਅਦ ਉਪਰੋਥਲੀ ਇੱਕ ਤੋਂ ਬਾਅਦ ਦੂਸਰੇ ਸ਼ਹਿਰ 'ਚ ਡਾਂਗਾਂ ਨਾਲ ਲੈਸ ਵਿਦਿਆਰਥੀ –ਨੌਜਵਾਨਾਂ ਦੇ ਕਾਫ਼ਲੇ ਮੈਦਾਨ 'ਚ ਨਿੱਤਰਦੇ ਰਹੇ । ਅਖੀਰ ਛਿੱਥੇ ਪਏ ਹਾਕਮ ਰਸਮੀ ਤੌਰ 'ਤੇ ਇਹ ਹੱਕ ਪ੍ਰਵਾਨ ਕਰਨ ਲਈ ਮਜਬੂਰ ਕਰ ਦਿੱਤੇ ਗਏ। ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਭਗਵਾਨ ਸਿੰਘ ਦਾਨੇਵਾਲੀਆ ਨੇ ਥੁੱਕਿਆ ਨਿਗਲਦਿਆਂ ਵਿਦਿਆਰਥੀ ਮੁਜ਼ਾਹਰਿਆਂ 'ਤੇ ਕੋਈ ਰੋਕ ਨਾ ਲਾਉਣ ਦਾ ਐਲਾਨ ਕਰ ਦਿੱਤਾ ਅਤੇ ਅਪੀਲ ਕੀਤੀ ਕਿ ਵਿਦਿਆਰਥੀ ਮੁਜ਼ਾਹਰਿਆਂ 'ਚ ਡਾਂਗਾਂ ਲੈ ਕੇ ਨਾ ਆਉਣ।
 ਵਿਉਂਤਬੱਧ ਖੁਫੀਆ ਤਿਆਰੀ ਰਾਹੀਂ ਜਥੇਬੰਦ ਕੀਤੇ ਇਹ ਖਾੜਕੂ ਅਤੇ ਜਬਤਬੱਧ ਮੁਜ਼ਾਹਰੇ ਵਿਦਿਆਰਥੀ ਨੌਜੁਆਨ ਲਹਿਰ ਦੀ ਸੂਝ, ਪਰਪੱਕਤਾ, ਦ੍ਰਿੜਤਾ ਅਤੇ ਜੁਝਾਰੂ ਭਾਵਨਾ ਦੇ ਇੱਕ ਨਵੇਂ ਦੌਰ ਦਾ ਸੰਕੇਤ ਹੋ ਨਿੱਬੜੇ। ਪਿਰਥੀ ਨੂੰ ਸ਼ਹੀਦ ਕਰਕੇ ਅਤੇ ਜਬਰ ਦਾ ਝੱਖੜ ਝੁਲਾਕੇ ਹਾਕਮਾਂ ਨੇ ਦੀ ਆਪਣੀ ਲੜਾਕੂ ਜਨਤਕ ਤਾਕਤ ਮੂਹਰੇ ਰਾਜ ਸੱਤਾ ਦੀ ਖੂਨੀ ਤਾਕਤ ਨੂੰ ਬੇਵੱਸ ਹੁੰਦੀ ਵੇਖ ਲਿਆ ਸੀ। ਆਪਣੀ ਲੜਾਕੂ ਜਨਤਕ ਤਾਕਤ ਦੇ ਜਲਵਿਆਂ ਦਾ ਇਹ ਨਜ਼ਾਰਾ ਲੋਕਾਂ ਦੀ ਤਕੜੀ ਗਿਣਤੀ ਦੇ ਮਨਾਂ 'ਤੇ ਆਪਣੀ ਛਾਪ ਛੱਡ ਗਿਆ ਸੀ। (ਅਗਲੇ ਵਰ
Hy ਬੱਸ ਕਿਰਾਇਆ ਘੋਲ ਦੌਰਾਨ ਲੋਕਾਂ ਦੇ ਇਸ ਆਤਮ ਵਿਸ਼ਵਾਸ ਦੀਆਂ ਹੋਰ ਵੀ ਜ਼ੋਰਦਾਰ ਝਲਕਾਂ ਪੇਸ਼ ਹੋਈਆਂ) ਢਾਈ-ਤਿੰਨ ਮਹੀਨਿਆਂ ਦੇ ਜਾਨ ਹੂਲਵੇਂ ਲੰਮੇ ਸੰਗਰਾਮ ਪਿੱਛੋਂ ਅਕਾਲੀ ਹਾਕਮਾਂ ਨੂੰ ਵਿਦਿਆਰਥੀ ਆਗੂ ਦੇ ਕਾਤਲ ਗੁੰਡਿਆਂ ਨੂੰ ਆਪਣੀਆਂ ਬੁੱਕਲਾਂ 'ਚੋਂ ਬਾਹਰ ਲਿਆ ਕਿ ਗ੍ਰਿਫਤਾਰ ਕਰਨਾ ਪਿਆ। ਕਾਤਲਾਂ ਦੀ ਸਰਪ੍ਰਸਤੀ ਕਰਨ ਵਾਲੇ ਦੋ ਬਦਨਾਮ ਸਿਆਸੀ ਲੀਡਰਾਂ ਦੇ ਮੱਥੇ 'ਤੇ ਲੱਗਿਆ ਕਲੰਕ ਉਨਾਂ ਨੂੰ ਕਾਫ਼ੀ ਮਹਿੰਗਾ ਪਿਆ। ਇਨਾਂ 'ਚੋਂ ਇੱਕ ਇਸੇ ਬਦਨਾਮੀ ਦੇ ਨਤੀਜੇ ਵਜੋਂ ਅਗਲੇ ਵਰHy ਐਮ.ਐਲ.ਏ. ਦੀ ਚੋਣ ਹਾਰ ਗਿਆ।
 ਇਸ ਸ਼ਾਨਾਮੱਤੇ ਘੋਲ ਦੇ ਨਤੀਜੇ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜੁਆਨ ਭਾਰਤ ਸਭਾ ਆਪਣੇ ਵੱਕਾਰ ਅਤੇ ਵਿਕਾਸ ਦੇ ਅਗਲੇ ਪੜਾਅ 'ਤੇ ਜਾ ਪੁੱਜੀਆਂ। ਰਾਜ ਸੱਤਾ ਖਿਲਾਫ਼ ਭੇੜ ਦੇ ਅਖਾੜੇ 'ਚ ਲੋਕਾਂ ਦੇ ਆਤਮ ਵਿਸ਼ਵਾਸ ਦੀ ਭਾਵਨਾ ਨੇ ਨਵੀਆਂ ਮੰਜ਼ਲਾਂ ਤਹਿ ਕੀਤੀਆਂ। ਟਰੇਡ ਯੂਨੀਅਨ ਲਹਿਰ ਨੇ ਇਨਕਲਾਬੀ ਜਮਹੂਰੀ ਚੇਤਨਾ ਦੇ ਖੇਤਰ 'ਚ ਨਵੀਆਂ ਪੁਲਾਂਘਾਂ ਪੁੱਟੀਆਂ। ਜਬਰ ਦੇ ਇਨਕਲਾਬੀ ਜਨਤਕ ਟਾਕਰੇ ਦੀਆਂ ਰਵਾਇਤਾਂ ਹੋਰ ਪ੍ਰਚੰਡ ਹੋਈਆਂ। ਪੇਂਡੂ ਖੇਤਰਾਂ ਅੰਦਰ ਅਕਾਲੀ ਸਰਕਾਰ ਦੀ ਪੜਤ ਅਤੇ ਪੈਰਾਂ ਦੀ ਮਿੱਟੀ ਨੂੰ ਖੋਰਾ ਲੱਗਿਆ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਹੋਇਆ ਇਹ ਪਹਿਲਾ ਸਿਆਸੀ ਕਤਲ ਸੀ, ਜਿਸ ਖਿਲਾਫ਼ ਜਨਤਕ ਵਿਰੋਧ ਦੀ ਏਡੀ ਜ਼ੋਰਦਾਰ ਲਹਿਰ ਖੜ
HI ਹੋਈ। ਇਸ ਗੱਲ ਦੇ ਬਾਵਜੂਦ ਕਿ ਇਹ ਕਤਲ ਰਾਜ ਸੱਤਾ ਵਲੋਂ ਟੇਢੇ ਅਤੇ ਸੂਖਮ ਢੰਗ ਨਾਲ ਕੀਤਾ ਗਿਆ ਸੀ।
 ਪਿਰਥੀ ਦੇ ਵਾਰਸਾਂ ਵੱਲੋਂ ਜਾਨਾਂ ਹੂਲਕੇ ਰਚਿਆ ਪਿਰਥੀ ਦੀ ਬੀਰ ਗਾਥਾ ਦਾ ਇਹ ਸਿਖਰਲਾ ਕਾਂਡ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਫ਼ਖਰਯੋਗ ਕਾਰਨਾਮਿਆਂ ਦਾ ਅਗਲਾ ਕਾਂਡ ਹੋ ਨਿੱਬੜਿਆ।


No comments:

Post a Comment