Tuesday 12 July 2011

ਨੌਜਵਾਨ ਭਾਰਤ ਸਭਾ ਦਾ ਸਥਾਪਨਾ ਮਤਾ


ਇਨਕਲਾਬ-ਜ਼ਿੰਦਾਬਾਦ!    ਸਾਮਰਾਜਵਾਦ-ਮੁਰਦਾਬਾਦ!!
ਨੌਜਵਾਨ ਭਾਰਤ ਸਭਾ ਦੀ ਮਾਛੀਕੇ ਵਿਖੇ ਹੋਈ 
ਸਥਾਪਨਾ ਕਨਵੈਨਸ਼ਨ 'ਚ ਪਾਸ ਕੀਤਾ

ਨੌਜਵਾਨ ਭਾਰਤ ਸਭਾ
ਦਾ
ਸਥਾਪਨਾ ਮਤਾ

ਪ੍ਰਕਾਸ਼ਨ ਮਿਤੀ : 6 ਮਾਰਚ, 2011   ਸਹਾਇਤਾ ਰਾਸ਼ੀ-5 ਰੁਪਏ
ਨੌਜਵਾਨ ਭਾਰਤ ਸਭਾ ਦਾ ਸਥਾਪਨਾ ਮਤਾ

''ਨੌਜਵਾਨੋ ਜਾਗੋ! ਉਠੋ!! ਸਾਨੂੰ ਸੁੱਤਿਆਂ ਯੁੱਗ ਬੀਤ ਚੁੱਕੇ ਹਨ।''

20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਇਸ ਹੋਕੇ ਨਾਲ ਮੁਲਕ ਦੇ ਨੌਜਵਾਨਾਂ ਨੂੰ ਹਲੂਣਿਆ ਸੀ। ਉਦੋਂ ਬਰਤਾਨਵੀ ਸਾਮਰਾਜੀਆਂ ਦੇ ਜ਼ਾਲਮ ਰਾਜ ਅਧੀਨ ਮੁਲਕ ਦੀ ਦੁਰਦਸ਼ਾ ਨੌਜਵਾਨਾਂ ਲਈ ਇੱਕ ਵੰਗਾਰ ਬਣ ਗਈ ਸੀ। ਦੇਸ਼ ਪਿਆਰ ਨਾਲ ਮਤਵਾਲੇ ਤੇ ਭਾਰਤੀ ਜਨਤਾ ਦੀ ਬੰਦਖਲਾਸੀ ਲਈ ਬਿਹਬਲ ਰੌਸ਼ਨ ਦਿਮਾਗ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਅਗਵਾਈ ਵਿੱਚ ਇਸ ਚੁਣੌਤੀ ਨੂੰ ਕਬੂਲ ਕੀਤਾ ਅਤੇ ਨੌਜਵਾਨ ਭਾਰਤ ਸਭਾ ਦੇ ਮੰਚ ਦੀ ਸਥਾਪਨਾ ਕੀਤੀ। ਇਸ ਹਲੂਣਵੇਂ ਹੋਕੇ ਤੋਂ ਪ੍ਰੇਰਤ ਹੋਏ ਸਿਰਲੱਥ ਨੌਜਵਾਨਾਂ ਨੇ ਲੋਕ-ਭਲਾਈ ਅਤੇ ਮੁਕਤੀ ਦੇ ਆਦਰਸ਼ ਲਈ ਜੂਝਦਿਆਂ ਖਿੜੇ ਮੱਥੇ ਆਪਣੀਆਂ ਜਿੰਦੜੀਆਂ ਵਾਰੀਆਂ। 
ਨੌਜਵਾਨ ਭਾਰਤ ਸਭਾ ਦਾ ਇਹ ਹੋਕਾ ਨੌਜਵਾਨਾਂ ਨੂੰ ਇੱਕ ਲੰਮੇ ਜਾਨ-ਹੂਲਵੇਂ ਸੰਘਰਸ਼ 'ਚ ਆਪਣਾ ਰੋਲ ਅਦਾ ਕਰਨ ਦਾ ਸੱਦਾ ਸੀ, ਜਿਸ ਸੰਘਰਸ਼ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ''ਯੁੱਧ'' ਦਾ ਨਾਂ ਦਿੱਤਾ ਸੀ। ਉਹਨਾਂ ਨੇ ਕਿਹਾ ਸੀ, ''ਇੱਕ ਯੁੱਧ ਚੱਲ ਰਿਹਾ ਹੈ ਤੇ ਤਦ ਤੱਕ ਚਲਦਾ ਰਹੇਗਾ ਜਦ ਤੱਕ ਚੰਦ ਤਾਕਤਵਰ ਲੋਕ ਭਾਰਤੀ ਜਨਤਾ ਅਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਪੂੰਜੀਪਤੀ ਹੋਣ ਜਾਂ ਨਿਰੋਲ ਭਾਰਤੀ ਜਾਂ ਦੋਵੇਂ ਰਲਵੇਂ; ਚਾਹੇ ਉਹ ਜਨਤਾ ਦਾ ਖ਼ੂਨ ਚੂਸਣ ਲਈ ਨਿਰੋਲ ਭਾਰਤੀ ਨੌਕਰਸ਼ਾਹੀ ਜਾਂ ਸਾਂਝੀ ਰਲੀ-ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ, ਇਸ ਸਭ ਕੁਝ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।'' 
ਇਸ ''ਯੁੱਧ'' ਦੇ ਮਕਸਦ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ''ਇਨਕਲਾਬ-ਜ਼ਿੰਦਾਬਾਦ'' ਦੇ ਨਾਅਰੇ ਰਾਹੀਂ ਉਭਾਰਿਆ। ਉਹਨਾਂ ਨੇ ਦੱਸਿਆ ਕਿ ਇਨਕਲਾਬ ਦਾ ਮਤਲਬ ਸਿਰਫ ਹਕੂਮਤ ਦੀ ਤਬਦੀਲੀ ਨਹੀਂ ਹੈ: ''ਇਨਕਲਾਬ ਤੋਂ ਸਾਡਾ ਕੀ ਭਾਵ ਹੈ?ਸਪਸ਼ਟ ਹੈ, ਇਸ ਸਦੀ ਵਿੱਚ ਇਸਦਾ ਸਿਰਫ ਇੱਕ ਹੀ ਮਤਲਬ ਹੋ ਸਕਦਾ ਹੈ- ਜਨਤਾ ਦਾ ਜਨਤਾ ਲਈ ਰਾਜਨੀਤਕ ਤਾਕਤ 'ਤੇ ਕਬਜ਼ਾ। ਅਸਲ ਵਿੱਚ ਇਹ ਹੈ ਇਨਕਲਾਬ: ਭਾਰਤੀ ਕਿਰਤੀ ਨੇ ਭਾਰਤ ਅੰਦਰ ਸਾਮਰਾਜਵਾਦੀ ਅਤੇ ਉਹਨਾਂ ਦੇ ਮੱਦਦਗਾਰਾਂ ਨੂੰ- ਜੋ ਕਿ ਉਸੇ ਆਰਥਿਕ ਸਿਸਟਮ ਦੇ ਪੈਰੋਕਾਰ ਹਨ, ਜਿਸਦੀਆਂ ਜੜਾਂ ਲੁੱਟ 'ਤੇ ਅਧਾਰਤ ਹਨ- ਹਟਾ ਕੇ ਅੱਗੇ ਲਿਆਉਣਾ ਹੈ। ਅਸੀਂ ਚਿੱਟੀ ਬੁਰਾਈ ਦੀ ਥਾਂ ਕਾਲੀ ਬੁਰਾਈ ਨੂੰ ਲਿਆ ਕੇ ਕਸ਼ਟ ਨਹੀਂ ਝੱਲਣਾ ਚਾਹੁੰਦੇ।'' 
ਅਪ੍ਰੈਲ 1928 ਦੇ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ''ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ ''ਹਾਕਮਾਂ ਦੀ ਤਬਦੀਲੀ'' ਨਹੀਂ ਹੋਵੇਗਾ। ਸਭ ਤੋਂ ਵਧਕੇ ਇਸਦਾ ਅਰਥ ਹੋਵੇਗਾ, ਇੱਕ ਬਿਲਕੁਲ ਨਵੇਂ ਢਾਂਚੇ ਅਤੇ ਨਵੇਂ ਰਾਜ-ਪ੍ਰਬੰਧ ਦੀ ਸਥਾਪਨਾ ਕਰਨਾ।'' 
ਕੌਣ ਹੈ ਜੋ ਇਹ ਇਨਕਲਾਬ ਕਰੇਗਾ? ਇਸ ਸਵਾਲ ਦਾ ਜਵਾਬ ਦਿੰਦਿਆਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਨੌਜਵਾਨਾਂ ਦਾ ਧਿਆਨ ਇਸ ਗੱਲ ਵੱਲ ਦੁਆਇਆ ਕਿ ''ਲਹਿਰ ਦੀ ਚਾਲਕ ਸ਼ਕਤੀ ਬਾਗੀ ਜਨਤਾ ਹੈ'', ਕਿ ''ਹਕੀਕੀ ਇਨਕਲਾਬੀ ਫੌਜਾਂ ਤਾਂ ਪਿੰਡਾਂ ਅਤੇ ਕਾਰਖਾਨਿਆਂ ਵਿੱਚ ਹਨ- ਕਿਸਾਨੀ ਅਤੇ ਮਜ਼ਦੂਰ'', ਕਿ ''ਕੌਮ ਕਾਂਗਰਸ ਦੇ ਲਾਊਡ ਸਪੀਕਰ ਨਹੀਂ ਹਨ, ਸਗੋਂ ਮਜ਼ਦੂਰ-ਕਿਸਾਨ ਹਨ, ਜਿਹੜੇ ਭਾਰਤ ਦੀ 95 ਫੀਸਦੀ ਵਸੋਂ ਹਨ।''
ਕੌਮੀ ਸ਼ਹੀਦਾਂ ਨੇ ਇਨਕਲਾਬ ਦੇ ਮਹਾਨ ਆਦਰਸ਼ ਨੂੰ ਸਿਰੇ ਚੜਾ
Hਉਣ ਲਈ ਨੌਜਵਾਨਾਂ ਦੇ ਅਹਿਮ ਅਤੇ ਵਿਸ਼ੇਸ਼ ਰੋਲ 'ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ, ''ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਅਤੇ ਪੇਂਡੂ ਝੌਂਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ'', ''ਹਜ਼ਾਰਾਂ ਹੀ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜਿੰਦੜੀਆਂ ਪਿੰਡਾਂ ਵਿੱਚ ਗੁਜ਼ਾਰਨੀਆਂ ਪੈਣਗੀਆਂ ਅਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ.. ..ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਚਾੜHਨ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ ਇਨਕਲਾਬੀ ਨੌਜਵਾਨ ਹੀ ਅਜਿਹਾ ਕਰ ਸਕਣਗੇ।''
ਨੌਜਵਾਨ ਭਾਰਤ ਸਭਾ ਦੇ ਸੂਝਵਾਨ ਇਨਕਲਾਬੀ ਆਗੂਆਂ ਨੇ ਨੌਜਵਾਨਾਂ ਦੇ ਮਨਾਂ ਅੰਦਰ ਡੂੰਘੀ ਤਰਾਂ ਇਹ ਗੱਲ ਵਸਾਉਣ ਦੀ ਕੋਸ਼ਿਸ਼ ਕੀਤੀ ਕਿ ਲੁੱਟ, ਜਬਰ ਅਤੇ ਦਾਬੇ ਤੋਂ ਮੁਕਤੀ ਲਈ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਟੇਕ ਰੱਖ ਕੇ ਹੀ ਇਨਕਲਾਬ ਦਾ ਆਦਰਸ਼ ਹਾਸਲ ਹੋ ਸਕਦਾ ਹੈ। ਉਹਨਾਂ ਨੇ ਇਸ਼ਾਰਾ ਕੀਤਾ ਕਿ ਕੌਮੀ ਆਜ਼ਾਦੀ ਦੇ ਸੰਘਰਸ਼ ਦੀ ਖਰੀ ਅਤੇ ਖੋਟੀ ਲੀਡਰਸ਼ਿੱਪ ਦੀ ਪਰਖ ਦਾ ਪੈਮਾਨਾ ਇਹੋ ਗੱਲ ਬਣਦੀ ਹੈ ਕਿ ਲੋਕਾਂ ਦੀ ਬਹੁਗਿਣਤੀ ਮਜ਼ਦੂਰ ਕਿਸਾਨ ਜਨਤਾ ਨਾਲ ਉਹਨਾਂ ਦਾ ਰਿਸ਼ਤਾ ਅਤੇ ਰਵੱਈਆ ਕਿਹੋ ਜਿਹਾ ਹੈ। ਇਸ ਪੈਮਾਨੇ ਦੇ ਅਧਾਰ 'ਤੇ ਹੀ ਉਹਨਾਂ ਨੇ ਗਾਂਧੀਵਾਦੀ ਲੀਡਰਸ਼ਿੱਪ ਦੇ ਅਸਲ ਖਾਸੇ ਨੂੰ ਬੇਨਕਾਬ ਕੀਤਾ। ਉਹਨਾਂ ਨੇ ਮਿਸਾਲ ਦਿੱਤੀ: ''ਬਾਰਦੌਲੀ ਸੱਤਿਆਗ੍ਰਹਿ ਪੂਰੀ ਤਰਾਂ ਦਰਸਾਉਂਦਾ ਹੈ ਕਿ ਨੇਤਾਵਾਂ ਨੇ ਕਿੰਨਾ ਖਤਰਾ ਮਹਿਸੂਸ ਕੀਤਾ ਜਿਸ ਨੇ ਨਾ ਸਿਰਫ ਵਿਦੇਸ਼ੀ ਕੌਮ ਦੇ ਗਲਬੇ ਨੂੰ ਪਰਾਂਹ ਵਗਾਹ ਮਾਰਨਾ ਸੀ, ਸਗੋਂ ਜਿੰਮੀਦਾਰਾਂ ਦਾ ਜੂਲਾ ਵੀ ਚੁੱਕ ਦੇਣਾ ਸੀ। ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ ਬਜਾਏ ਕਿਸਾਨਾਂ ਅਜੇ ਝੁਕਣ ਦੇ।'' 
ਵਿਦੇਸ਼ੀ ਸਾਮਰਾਜੀਆਂ ਨਾਲ ਜੁੜੇ ਭਾਰਤੀ ਵੱਡੇ ਲੁਟੇਰਿਆਂ ਦੇ ਗਾਂਧੀ-ਮਾਰਕਾ ਨੁਮਾਇੰਦਿਆਂ ਦੇ ਕਿਰਦਾਰ ਬਾਰੇ ਸੁਚੇਤ ਕਰਦਿਆਂ ਉਹਨਾਂ ਨੇ ਟਿੱਪਣੀ ਕੀਤੀ: ''ਭਾਰਤੀ ਕਿਰਤੀ ਵਰਗ ਨੂੰ ਦੂਹਰੇ ਖਤਰੇ ਦਾ ਸਾਹਮਣਾ ਹੈ, ਉਸ ਨੂੰ ਵਿਦੇਸ਼ੀ ਪੂੰਜੀਵਾਦ ਦਾ ਇੱਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ-ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖਤਰਾ ਹੈ। ਭਾਰਤੀ ਪੂੰਜੀਵਾਦ ਵਿਦੇਸ਼ੀ ਪੂੰਜੀਵਾਦ ਨਾਲ ਹੋਰ ਵਧੇਰੇ ਗੱਠਜੋੜ ਕਰ ਰਿਹਾ ਹੈ.. ..ਭਾਰਤੀ ਪੂੰਜੀਪਤੀ ਭਾਰਤੀ ਲੋਕਾਂ ਨੂੰ ਧੋਖਾ ਦੇ ਕੇ ਇਸ ਵਿਸ਼ਵਾਸ਼ਘਾਤ ਦੇ ਹਰਜਾਨੇ ਵਜੋਂ  ਵਿਦੇਸ਼ੀ ਪੂੰਜੀਵਾਦ ਤੋਂ ਸਰਕਾਰ  ਵਿਚੋਂ ਕੁਝ ਹਿੱਸਾ ਪ੍ਰਾਪਤ ਕਰਨਾ ਚਾਹੁੰਦਾ ਹੈ। ਭਵਿੱਖ ਵਿੱਚ ਅਸੀਂ ਬਹੁਤ ਛੇਤੀ ਹੀ ਇਸ ਤਬਕੇ ਅਤੇ ਇਸਦੇ ਉੱਘੇ ਨੇਤਾਵਾਂ ਨੂੰ ਵਿਦੇਸ਼ੀ ਆਗੂਆਂ ਨਾਲ ਗਲਵੱਕੜੀ ਪਾਈ ਹੋਈ ਤੱਕਾਂਗੇ।''
ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਇਹ ਕੀਮਤੀ ਚੇਤਾਵਨੀ 1947 ਵਿੱਚ ਸੱਚ ਸਾਬਤ ਹੋਈ। ਲੋਕਾਂ ਦੇ ਸਾਮਰਾਜ ਵਿਰੋਧੀ ਕੌਮੀ ਉਭਾਰ ਅਤੇ ਕਿਸਾਨ ਬਗਾਵਤਾਂ ਦੇ ਝੰਜੋੜਿਆਂ ਤੋਂ ਭੈਭੀਤ ਬਰਤਾਨਵੀਂ ਸਾਮਰਾਜੀਆਂ ਨੇ ਰਾਜ ਭਾਗ ਦੀ ਵਾਗਡੋਰ ਵੱਡੀਆਂ ਸਥਾਨਕ ਜੋਕਾਂ ਦੇ ਨੁਮਾਇੰਦਿਆਂ ਹੱਥ ਫੜਾ ਦਿੱਤੀ। ਇਹਨਾਂ ਨੁਮਾਇੰਦਿਆਂ ਵੱਲੋਂ ਵਿਦੇਸ਼ੀ ਰਾਜ ਵਾਂਗ ਹੀ ਸਾਮਰਾਜੀਆਂ, ਵੱਡੇ ਪੂੰਜੀਪਤੀਆਂ ਅਤੇ ਵੱਡੇ ਭੋਇੰ-ਮਾਲਕਾਂ ਦੇ ਹਿੱਤਾਂ ਦੀ ਸੁਰੱਖਿਆ ਦਾ ਇਕਰਾਰਨਾਮਾ ਕੀਤਾ ਗਿਆ। ਇਸ ਤਬਦੀਲੀ ਨੂੰ ਮੁਲਕ ਦੀ ਆਜ਼ਾਦੀ ਦਾ ਨਾਂ ਦਿੱਤਾ ਗਿਆ। ਇਹ ਅਖੌਤੀ ਅਜ਼ਾਦੀ ਆਪਣੇ ਨਾਲ ਫਿਰਕੂ ਵੰਡ ਅਤੇ ਫਸਾਦਾਂ ਦਾ ਸੰਤਾਪ ਲੈ ਕੇ ਆਈ। ਬਰਤਾਨਵੀ ਸਾਮਰਾਜੀਆਂ ਵੱਲੋਂ ਸਿਰਜਿਆ ਰਾਜ-ਭਾਗ ਦਾ ਜਾਬਰ ਤਾਣਾ-ਬਾਣਾ ਜਿਉਂ ਦਾ ਤਿਉਂ ਕਾਇਮ ਰੱਖਿਆ ਗਿਆ। 
ਅੱਜ ਤੱਕ ਸਾਡੇ ਮੁਲਕ ਦੀ ਜਨਤਾ 1947 ਵਿੱਚ ਹੋਏ ਇਸ ਵਿਸ਼ਵਾਸ਼ਘਾਤ ਦੀ ਕੀਮਤ ਤਾਰ ਰਹੀ ਹੈ। ਨਾ ਵਿਦੇਸ਼ੀ ਸਾਮਰਾਜੀਆਂ ਅਤੇ ਕੌਮ-ਧਰੋਹੀ ਦੇਸੀ ਪੂੰਜੀਪਤੀਆਂ ਦਾ ਗਲਬਾ ਖਤਮ ਹੋਇਆ ਹੈ, ਨਾ ਜਾਗੀਰਦਾਰਾਂ ਦਾ ਜੂਲਾ ਚੁੱਕਿਆ ਗਿਆ ਹੈ। ਕਿੰਨੀਆਂ ਹੀ ਸਰਕਾਰਾਂ ਨੇ ਮੁਲਕ 'ਤੇ ਬਦਲ ਬਦਲ ਕੇ ਰਾਜ ਕੀਤਾ ਹੈ ਪਰ ਕਿਸੇ ਦੀ ਵੀ ਵਿਦੇਸ਼ੀ ਹਾਕਮਾਂ ਨਾਲ ਗਲਵੱਕੜੀ ਗੁੱਝੀ ਨਹੀਂ ਰਹੀ। 64 ਸਾਲਾਂ ਦੇ ਤਜਰਬੇ ਨੇ ਅਜ਼ਾਦੀ ਦਾ ਨਕਾਬ ਲੰਗਾਰ ਕੇ ਰੱਖ ਦਿੱਤਾ ਹੈ। ਅੱਜ ਸਾਡੇ ਮੁਲਕ ਦੀਆਂ ਨੀਤੀਆਂ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਵਪਾਰ ਜਥੇਬੰਦੀ ਵਰਗੀਆਂ ਸਾਮਰਾਜੀ ਸੰਸਥਾਵਾਂ ਦੇ ਫੁਰਮਾਨਾਂ ਰਾਹੀਂ ਤਹਿ ਹੋ ਰਹੀਆਂ ਹਨ। ਬੇਲਗਾਮ ਵਹਿਸ਼ੀ ਲੁੱਟ ਦੇ ਨਤੀਜੇ ਵਜੋਂ ਮੁਲਕ ਦੇ ਲੋਕਾਂ ਦੀ ਵੱਡੀ ਬਹੁਗਿਣਤੀ ਘੋਰ ਕੰਗਾਲੀ ਦੀ ਹਾਲਤ ਹੰਢਾ ਰਹੀ ਹੈ। ਮੁਲਕ ਦੇ 77 ਫੀਸਦੀ ਲੋਕਾਂ ਦੀ ਰੋਜ਼ਾਨਾ ਔਸਤ ਆਮਦਨ ਸਿਰਫ 20 ਰੁਪਏ ਜਾਂ ਇਸ ਤੋਂ ਘੱਟ ਹੈ। ਇਹਨਾਂ ਵਿੱਚ ਉਹ ਵੀ ਸ਼ਾਮਲ ਹਨ ਜਿਹੜੇ ਸਿਰਫ 9 ਰੁਪਏ ਰੋਜ਼ਾਨਾ 'ਤੇ ਗੁਜ਼ਾਰਾ ਕਰਦੇ ਹਨ। ਸਗੋਂ ਇਹਨਾਂ ਵੱਡੀਆਂ ਜੋਕਾਂ ਦਾ ਗਲਬਾ ਵਧਦਾ ਤੁਰਿਆ ਜਾ ਰਿਹਾ ਹੈ। ਅਮੀਰ ਅਤੇ ਗਰੀਬ ਦਾ ਪਾੜਾ ਹੋਰ ਚੌੜਾ ਹੋਈ ਜਾ ਰਿਹਾ ਹੈ। 
ਪਿਛਲੇ ਦੋ ਦਹਾਕਿਆਂ ਤੋਂ ਮੁਲਕ ਦੇ ਲੋਕ ਸੰਸਾਰੀਕਰਨ ਦੇ ਨਾਂ ਹੇਠ ਵੱਡੇ ਚੌਤਰਫਾ ਹੱਲੇ ਦਾ ਸਾਹਮਣਾ ਕਰ ਰਹੇ ਹਨ। ਨਵੀਆਂ ਆਰਥਿਕ ਨੀਤੀਆਂ ਰਾਹੀਂ ਮੁੱਠੀ-ਭਰ ਵਿਦੇਸ਼ੀ ਅਤੇ ਦੇਸੀ ਵੱਡੇ ਲੁਟੇਰਿਆਂ ਦੇ ਲੁੱਟ ਦੇ ਰਾਹ ਦੇ ਸਭ ਅੜਿੱਕੇ ਦੂਰ ਕੀਤੇ ਜਾ ਰਹੇ ਹਨ। ਅਜ਼ਾਦੀ ਦੇ ਐਲਾਨਾਂ ਤੋਂ ਬਾਅਦ ਮੁਲਕ ਦੇ ਹਾਕਮ ਜਿਹੜੇ ਅਗਾਂਹਵਧੂ ਨਾਅਰੇ ਲਾਉਂਦੇ ਸਨ, ਉਹ ਹੁਣ ਐਲਾਨੀਆ ਦਫਨ ਕਰ ਦਿੱਤੇ ਗਏ ਹਨ। ਵਿਦੇਸ਼ੀ ਅਤੇ ਦੇਸੀ ਪੂੰਜੀਪਤੀਆਂ ਦੇ ਟੈਕਸਾਂ ਤੋਂ ਮੁਕਤ ਵਿਸ਼ੇਸ਼ ਖੇਤਰ ਖੋਲ
Hਣ ਲਈ ਧੜਾਧੜ ਵਿਸ਼ੇਸ਼ ਆਰਥਿਕ ਜ਼ੋਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਸੱਟੇਬਾਜ਼ੀ ਦੇ ਕਾਰੋਬਾਰਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਵੱਡੇ ਭੋਇੰ-ਮਾਲਕਾਂ ਦੀ ਪੇਂਡੂ ਜਾਇਦਾਦ ਟੈਕਸਾਂ ਤੋਂ ਮੁਕਤ ਰੱਖੀ ਜਾ ਰਹੀ ਹੈ, ਜ਼ਮੀਨੀ ਸੁਧਾਰਾਂ ਦੇ ਦੰਭੀ ਦਾਅਵੇ ਤਿਆਗ ਦਿੱਤੇ ਗਏ ਹਨ ਅਤੇ ਲੈਂਡ ਸੀਲਿੰਗ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੇ ਭੋਇੰ-ਮਾਲਕਾਂ ਦੇ ਜ਼ਮੀਨ 'ਤੇ ਵਧਦੇ ਗਲਬੇ ਦੇ ਨਾਲ ਨਾਲ ਜ਼ਮੀਨ ਤੋਂ ਬੇਦਖਲ ਹੋ ਰਹੇ ਗਰੀਬ ਕਿਸਾਨ ਬੇਜ਼ਮੀਨਿਆਂ ਦੀਆਂ ਕਤਾਰਾਂ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਬਦਲਵੇਂ ਰੁਜ਼ਗਾਰ ਦੀ ਅਣਹੋਂਦ ਦੀ ਹਾਲਤ ਵਿੱਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦੀ ਮਿਹਨਤ ਦਾ ਫਲ ਫੰਡਰ ਕਾਰੋਬਾਰਾਂ ਦੇ ਮੁਨਾਫਿਆਂ ਵਿੱਚ ਵਟ ਰਿਹਾ ਹੈ ਅਤੇ ਵਿਦੇਸ਼ੀ ਸਾਮਰਾਜੀਆਂ ਦੀ ਝੋਲੀ ਪੈ ਰਿਹਾ ਹੈ। ਮੁਲਕ ਦੀ ਤਰੱਕੀ, ਸਨਅੱਤੀਕਰਨ ਅਤੇ ਰੁਜ਼ਗਾਰ ਨੂੰ ਬੰਨH ਲੱਗਿਆ ਹੋਇਆ ਹੈ। 
ਸਰਕਾਰੀ ਕਾਰੋਬਾਰ ਕੌਡੀਆਂ ਦੇ ਭਾਅ ਵਿਦੇਸ਼ੀ ਅਤੇ ਦੇਸੀ ਵੱਡੇ ਪੂੰਜੀਪਤੀਆਂ ਹਵਾਲੇ ਕੀਤੇ ਜਾ ਰਹੇ ਹਨ। ਸਿਹਤ, ਵਿਦਿਆ ਅਤੇ ਸਮਾਜ ਭਲਾਈ ਦੇ ਹੋਰ ਸਭ ਖੇਤਰ ਮੁਨਾਫੇ ਦੇ ਕਾਰੋਬਾਰਾਂ ਵਿੱਚ ਬਦਲੇ ਜਾ ਰਹੇ ਹਨ ਅਤੇ ਵਿਦੇਸ਼ੀ-ਦੇਸੀ ਲੁਟੇਰਿਆਂ ਦੇ ਰਹਿਮ 'ਤੇ ਛੱਡੇ ਜਾ ਰਹੇ ਹਨ। ਸਰਕਾਰੀ ਅਤੇ ਨਿੱਜੀ ਕਾਰੋਬਾਰ ਨਿੱਜੀ ਮੁਨਾਫਿਆਂ ਵਿੱਚ ਭਾਰੀ ਵਾਧੇ ਦੀਆਂ ਲੋੜਾਂ ਅਨੁਸਾਰ ਮੁੜ ਢਾਲੇ ਜਾ ਰਹੇ ਹਨ ਅਤੇ ਇਸ ਮਕਸਦ ਲਈ ਥੋਕ ਛਾਂਟੀਆਂ, ਤਨਖਾਹਾਂ ਛਾਂਗਣ ਅਤੇ ਖਪਤਕਾਰਾਂ ਤੇ ਮਨਚਾਹੀਆਂ ਕੀਮਤਾਂ ਥੋਪਣ ਦਾ ਸਿਲਸਿਲਾ ਚੱਲ ਰਿਹਾ ਹੈ। ਬੈਂਕਾਂ ਦਾ ਪ੍ਰਬੰਧ ਵੱਡੇ ਲੁਟੇਰਿਆਂ ਲਈ ਰਾਖਵਾਂ ਕੀਤਾ ਜਾ ਰਿਹਾ ਹੈ। ਪੂੰਜੀ ਅਤੇ ਕਰਜ਼ਿਆਂ ਦੀ ਤੋਟ ਦੀ ਮਾਰੀ ਛੋਟੀ ਸਨਅਤ ਦਾ ਦਮ ਨਿਕਲ ਰਿਹਾ ਹੈ ਅਤੇ ਉਜਾੜਾ ਹੋ ਰਿਹਾ ਹੈ। ਇਸਦੇ ਨਾਲ ਹੀ ਕਿਰਤੀਆਂ ਦਾ ਰੁਜ਼ਗਾਰ ਵੀ ਖੁੱਸ ਰਿਹਾ ਹੈ। ਪੜੇ-ਲਿਖੇ ਨੌਜਵਾਨਾਂ ਲਈ ਨਾ ਸਿਰਫ ਸਰਕਾਰੀ ਰੁਜ਼ਗਾਰ ਦੇ ਦਰਵਾਜ਼ੇ ਬੰਦ ਹੋ ਰਹੇ ਹਨ, ਸਗੋਂ ਉਹ ਨਿੱਜੀ ਖੇਤਰ ਵਿੱਚ ਨਿਗੂਣੀਆਂ ਤਨਖਾਹਾਂ ਅਤੇ ਭੈੜੀਆਂ ਕੰਮ ਹਾਲਤਾਂ ਵਿੱਚ ਚਾਕਰੀ ਕਰਨ ਲਈ ਮਜਬੂਰ ਹੋ ਰਹੇ ਹਨ। ਸਬਸਿਡੀਆਂ 'ਤੇ ਵਾਹਿਆ ਜਾ ਰਿਹਾ ਕੁਹਾੜਾ ਗਰੀਬ ਖਪਤਕਾਰਾਂ ਦੀ ਰੋਟੀ 'ਤੇ ਝਪਟ ਰਿਹਾ ਹੈ। ਕਿਸਾਨਾਂ ਨੂੰ ਨਪੀੜ ਰਿਹਾ ਹੈ ਅਤੇ ਛੋਟੇ ਕਾਰੋਬਾਰਾਂ ਦਾ ਸਾਹ ਬੰਦ ਕਰ ਰਿਹਾ ਹੈ। ਹੁਣ ਪਰਚੂਨ ਵਪਾਰ ਦਾ ਖੇਤਰ ਵੀ ਵਿਦੇਸ਼ੀ ਅਤੇ ਦੇਸੀ ਵੱਡੀਆਂ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਛੋਟੇ ਦੁਕਾਨਦਾਰਾਂ ਦੀ ਰੋਜ਼ੀ ਖਤਰੇ ਮੂੰਹ ਆਈ ਹੋਈ ਹੈ। ਕਿਸਾਨਾਂ 'ਤੇ ਬੈਂਕਾਂ ਦੇ ਅਤੇ ਸੂਦਖੋਰ ਕਰਜ਼ਿਆਂ ਦਾ ਬੋਝ ਹੱਦਾਂ ਬੰਨੇ ਟੱਪ ਗਿਆ ਹੈ। ਕਿਸਾਨ ਖੁਦਕੁਸ਼ੀਆਂ ਦੀਆਂ ਦਿਲ-ਵਿੰਨਵੀਆਂ ਘਟਨਾਵਾਂ ਛਟਪਟਾਉਂਦੀ ਕੌਮ ਦੀ ਜ਼ਿੰਦਗੀ ਦੀ ਅਸਲ ਤਸਵੀਰ ਪੇਸ਼ ਕਰ ਰਹੀਆਂ ਹਨ ਅਤੇ ਕੌਮੀ ਤਰੱਕੀ ਤੇ ਖੁਸ਼ਹਾਲੀ ਦੇ ਬੇਸ਼ਰਮ ਦਾਅਵਿਆਂ ਦੇ ਪਰਖਚੇ ਉਡਾ ਰਹੀਆਂ ਹਨ। ਅੰਨੀਂ ਲੁੱਟ ਦੇ ਭਾਰ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਖਿਸਕ ਰਹੀਆਂ ਹਨ। ਬੈਂਕਾਂ ਅਤੇ ਸ਼ਾਹੂਕਾਰਾਂ ਵੱਲੋਂ ਕੁਰਕੀਆਂ ਤੋਂ ਇਲਾਵਾ ਹੁਣ ਵਿਸ਼ੇਸ਼ ਆਰਥਿਕ ਜ਼ੋਨਾਂ ਅਤੇ ਮੈਗਾ ਪ੍ਰੋਜੈਕਟਾਂ ਦੇ ਨਾਂ ਹੇਠ ਨੰਗੇ-ਚਿੱਟੇ ਧਾੜਿਆਂ ਰਾਹੀਂ ਜ਼ਮੀਨਾਂ ਹੜੱਪਣ ਦਾ ਸਿਲਸਿਲਾ ਚੱਲ ਰਿਹਾ ਹੈ। 
ਵੱਧ ਰਹੀ ਜਮਾਤੀ ਆਰਥਿਕ ਲੁੱਟ, ਦਾਬੇ ਅਤੇ ਜਬਰ ਦੇ ਨਾਲ ਨਾਲ ਹਰ ਕਿਸਮ ਦਾ ਸਮਾਜਿਕ ਦਾਬਾ ਅਤੇ ਜਬਰ ਤੇਜ ਹੋ ਰਿਹਾ ਹੈ। ਦਲਿਤ ਹਿੱਸਿਆਂ ਖਿਲਾਫ ਦਿਲ ਕੰਬਾਊ ਜਬਰ, ਹਿੰਸਾ ਅਤੇ ਸਮਾਜਿਕ ਬਾਈਕਾਟ ਦੀਆਂ ਘਟਨਾਵਾਂ ਆਮ ਗੱਲ ਬਣੀਆਂ ਹੋਈਆਂ ਹਨ। ਵਿਤਕਰੇ ਦੀਆਂ ਸ਼ਿਕਾਰ ਕੌਮੀਅਤਾਂ ਅਤੇ ਕਬਾਇਲੀ ਲੋਕਾਂ ਦੇ ਹੱਕ ਅਤੇ ਉਮੰਗਾਂ ਕੁਚਲੀਆਂ ਜਾ ਰਹੀਆਂ ਹਨ। ਔਰਤਾਂ ਅੱਜ ਵੀ ਦਮ ਘੋਟੂ ਦਾਬਾ, ਵਿਤਕਰਾ, ਜਲਾਲਤ ਅਤੇ ਦਮਨ ਹੰਢਾ ਰਹੀਆਂ ਹਨ।
ਮੁਲਕ ਸਿਆਸੀ ਨਿਘਾਰ ਦੀਆਂ ਨਿਵਾਣਾਂ 'ਚ ਧਸਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦਾ ਜਲੂਸ ਨਿਕਲਿਆ ਹੋਇਆ ਹੈ ਅਤੇ ਪ੍ਰਬੰਧ ਦੀਆਂ ਸਭ ਸੰਸਥਾਵਾਂ ਭ੍ਰਿਸ਼ਟਾਚਾਰ ਦੀ ਨੁਮਾਇਸ਼ ਬਣੀਆਂ ਹੋਈਆਂ ਹਨ। ਇਹਨੀਂ ਦਿਨੀਂ ਧੜਾਧੜ ਬੇਨਕਾਬ ਹੋ ਰਹੇ ਘੁਟਾਲਿਆਂ ਦੀ ਜਿਹੜੀ ਹਨੇਰੀ ਵਗ ਰਹੀ ਹੈ, ਇਹ ਦੱਸਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਮੁਲਕ ਦੇ ਪ੍ਰਬੰਧ ਦੀ ਸਿਰਫ ਇੱਕ ਬੁਰਾਈ ਨਹੀਂ ਹੈ। ਇਹ ਮੁਲਕ ਦੇ ਰਾਜ ਪ੍ਰਬੰਧ ਦੇ ਘੋੜੇ ਦੀ ਸਵਾਰੀ ਕਰ ਰਿਹਾ ਹੈ। 
ਪਾੜੋ ਅਤੇ ਰਾਜ ਕਰੋ ਦੀ ਨੀਤੀ ਤਹਿਤ ਲੋਕਾਂ ਵਿੱਚ ਪਾਟਕ ਪਾਉਣ ਅਤੇ ਵਾਰ ਵਾਰ ਲੋਕਾਂ ਦੇ ਲਹੂ ਦੀਆਂ ਨਦੀਆਂ ਵਹਾਉਣ ਦੀ ਘਿਨਾਉਣੀ ਖੇਡ 'ਚ ਮੁਲਕ ਦੇ ਸਿਆਸੀ ਚੌਧਰੀ ਬਰਤਾਨਵੀ ਸਾਮਰਾਜੀਆਂ ਨਾਲੋਂ ਕਿਤੇ ਅੱਗੇ ਲੰਘ ਚੁੱਕੇ ਹਨ। 
ਮੁਲਕ ਦੇ ਲੋਕਾਂ ਨੂੰ ਇੱਕ ਪਾਸੇ ਅੰਨੀਂ ਕੌਮ-ਪ੍ਰਸਤੀ ਅਤੇ ਦੂਜੇ ਪਾਸੇ ਸਾਮਰਾਜ-ਭਗਤੀ ਦਾ ਪਾਠ ਪੜਾਇਆ ਜਾ ਰਿਹਾ ਹੈ। ਆਪਣੇ ਹੀ ਮੁਲਕ ਦੀਆਂ ਵਿਤਕਰਾ ਹੰਢਾ ਰਹੀਆਂ ਕੌਮੀਅਤਾਂ ਨੂੰ ਦੁਸ਼ਮਣਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸੰਸਾਰ ਭਰ ਦੇ ਲੋਕਾਂ ਨਾਲ ਦੁਸ਼ਮਣੀ ਕਮਾ ਰਹੇ ਅਤੇ ਥਾਂ ਥਾਂ ਬੰਬਾਂ ਦੀ ਵਰਖਾ ਕਰ ਰਹੇ ਅਮਰੀਕੀ ਸਾਮਰਾਜੀਆਂ ਦੇ ਸੋਹਲੇ ਗਾਏ ਜਾ ਰਹੇ ਹਨ। ਦੂਸਰੇ ਮੁਲਕਾਂ ਵਿੱਚ ਇਹਨਾਂ ਹਮਲਾਵਰਾਂ ਦੇ ਕੁਕਰਮਾਂ ਵਿੱਚ ਹੱਥ ਵਟਾਉਣ ਲਈ ਮੁਲਕ ਦੀ ਜੁਆਨੀ ਦਾ ਲਹੂ ਭੇਟ ਕੀਤਾ ਜਾ ਰਿਹਾ ਹੈ। 
ਇਹਨਾਂ ਹਾਲਤਾਂ 'ਚ ਮੁਲਕ ਦੇ ਲੋਕ ਉਹ ਸੰਘਰਸ਼ ਜਾਰੀ ਰੱਖ ਰਹੇ ਹਨ, ਜਿਸਦਾ ਝੰਡਾ ਕੌਮੀ ਸ਼ਹੀਦਾਂ ਨੇ ਚੁੱਕਿਆ ਸੀ। ਇਹਨਾਂ ਸੰਘਰਸ਼ਾਂ ਨੂੰ ਮੁਲਕ ਦੇ ਜ਼ਾਲਮ ਰਾਜ ਦੇ ਅੱਤਿਆਚਾਰੀ ਕਦਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਗਰੇਜ਼ ਸਾਮਰਾਜੀਆਂ ਦੇ ਜਿਹਨਾਂ ਕਾਨੂੰਨਾਂ ਬਾਰੇ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਇਹ ''ਵਿਦੇਸ਼ੀ ਰਾਜ ਦੇ ਹਿੱਤਾਂ ਲਈ ਚਲਾਏ ਜਾਂਦੇ ਹਨ ਅਤੇ ਸਾਡੇ ਲੋਕਾਂ ਦੇ ਹਿੱਤਾਂ ਦੇ ਉਲਟ ਹਨ'' ਉਹਨਾਂ ਹੀ ਕਾਨੂੰਨਾਂ ਦਾ ਵੱਡਾ ਹਿੱਸਾ ਹੁਣ ਵੀ ਭਾਰਤੀ ਸੰਵਿਧਾਨ ਵਿੱਚ ਦਰਜ ਹੈ। ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਨਵੇਂ ਕਾਲੇ ਕਾਨੂੰਨ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਹੈ। ਹੁਣੇ ਹੁਣੇ ਪੰਜਾਬ ਅਸੰਬਲੀ ਵੱਲੋਂ ਮੜੇ ਕਾਲੇ ਕਾਨੂੰਨ ਇਸਦੀ ਉਦਾਹਰਣ ਹਨ। ਭਾਰਤੀ ਹਾਕਮਾਂ ਵੱਲੋਂ ਰਚਾਏ ਅਨੇਕਾਂ ਖ਼ੂਨੀ ਗੋਲੀ-ਕਾਂਡਾਂ, ਝੂਠੇ ਪੁਲਸ ਮੁਕਾਬਲਿਆਂ ਅਤੇ ਤਸ਼ੱਦਦ ਦੇ ਕਾਂਡਾਂ ਦੀ ਲੜੀ ਬਹੁਤ ਲੰਮੀ ਹੈ ਅਤੇ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਅੰਗਰੇਜ਼ ਸਾਮਰਾਜੀਆਂ ਵੱਲੋਂ ਸਥਾਪਤ ਕੀਤੀ ਪਾਰਲੀਮੈਂਟ ਨੂੰ ਹਿੰਦੋਸਤਾਨ ਦੇ ਨਿਆਸਰੇਪਣ ਅਤੇ ਮੁਥਾਜਗੀ ਦੀ ਨੁਮਾਇਸ਼ ਕਿਹਾ ਸੀ। ਅੱਜ ਵੀ ਮੁਲਕ ਦੀ ਪਾਰਲੀਮੈਂਟ ਦੀ ਉਹੀ ਤਸਵੀਰ ਸਾਹਮਣੇ ਆ ਰਹੀ ਹੈ। ਮੁਲਕ ਦੀ ਆਰਥਿਕਤਾ ਸੰਸਾਰ ਵਪਾਰ ਜਥੇਬੰਦੀ ਨਾਲ ਨੂੜ ਦਿੱਤੀ ਗਈ। ਪਾਰਲੀਮੈਂਟ ਖੂੰਜੇ ਲੱਗੀ ਰਹੀ। ਅਮਰੀਕੀ ਸਾਮਰਾਜੀਆਂ ਨਾਲ ਕੌਮ ਧਰੋਹੀ ਸਮਝੌਤੇ ਕੀਤੇ ਗਏ, ਪਾਰਲੀਮੈਂਟ ਦੀ ਕੋਈ ਸੱਦ-ਪੁੱਛ ਨਾ ਹੋਈ। ਖਰਬਾਂ ਦੇ ਭ੍ਰਿਸ਼ਟਾਚਾਰ ਦੇ ਜਿਹਨਾਂ ਸਕੈਂਡਲਾਂ ਦੀ ਅੱਜ-ਕੱਲ
H ਚਰਚਾ ਹੋ ਰਹੀ ਹੈ, ਇਹ ਦੱਸਦੇ ਹਨ ਕਿ ਮੰਤਰੀਆਂ ਕੋਲ ਪਾਰਲੀਮੈਂਟ ਨੂੰ ਕਿਸੇ ਵੀ ਭਿਣਕ ਦੇ ਬਗੈਰ ਕਿੰਨੀਆਂ ਵੱਡੀਆਂ ਰਕਮਾਂ ਵੱਡੇ ਲੁਟੇਰਿਆਂ ਦੀ ਝੋਲੀ ਪਾਉਣ ਅਤੇ ਖੁਦ ਗੱਫੇ ਲਾਉਣ ਦੇ ਅਧਿਕਾਰ ਹਾਸਲ ਹਨ। ਰਾਡੀਆ ਟੇਪਾਂ ਦੀ ਚਰਚਾ ਨੇ ਭੇਤ ਖੋਲਿ•ਆ ਹੈ ਕਿ ਮੁਲਕ ਦੇ ਅਰਥਚਾਰੇ ਦੀ ਹੋਣੀ ਦਾ ਫੈਸਲਾ ਕਰਨ ਵਾਲੇ ਮੰਤਰੀ ਮੰਡਲ ਦੇ ਵੱਡੇ ਵੱਡੇ ਅਹੁਦਿਆਂ 'ਤੇ ਕਿਸੇ ਵਿਅਕਤੀ ਦੇ ਬਿਰਾਜਮਾਨ ਹੋਣ ਦਾ ਫੈਸਲਾ ਲੋਕਾਂ ਦੀ ਬਜਾਏ ਕਿਵੇਂ ਟਾਟਿਆਂ ਅਤੇ ਅੰਬਾਨੀਆਂ ਦੇ ਹੱਥਾਂ 'ਚ ਹੈ। 
ਇਹੋ ਜਿਹੀਆਂ ਆਰਥਿਕ-ਸਮਾਜੀ ਹਾਲਤਾਂ ਅਤੇ ਰਾਜ-ਪ੍ਰਬੰਧ ਅਧੀਨ ਮੁਲਕ ਦੇ ਸਭ ਲੋਕ ਦੁੱਖ ਅਤੇ ਸੰਤਾਪ ਝੱਲ ਰਹੇ ਹਨ, ਨੌਜਵਾਨਾਂ ਦਾ ਮੱਥਾ ਅਨਿਸਚਿਤ ਭਵਿੱਖ ਨਾਲ ਲੱਗਿਆ ਹੋਇਆ ਹੈ। ਗੁਜ਼ਾਰੇ ਜੋਗੇ ਰੁਜ਼ਗਾਰ ਦੇ ਦਰਵਾਜ਼ੇ ਬੰਦ ਹਨ। ਅਰਥ-ਭਰਪੂਰ ਅਤੇ ਸਵੈ-ਮਾਣ ਭਰੀ ਜ਼ਿੰਦਗੀ ਦੀਆਂ ਆਸਾਂ ਨਾਲ ਖਿਲਵਾੜ ਹੋ ਰਿਹਾ ਹੈ। ਗਿਆਨ ਹਾਸਲ ਕਰਨ ਅਤੇ ਇਸਨੂੰ ਲੇਖੇ ਲਾਉਣ ਦੇ ਮੌਕੇ ਸੁੰਗੜੇ ਹੋਏ ਹਨ। ਪ੍ਰਤਿਭਾ ਰੁਲ਼ਦੀ ਹੈ ਅਤੇ ਵੱਡੇ ਧਨਾਢਾਂ ਦੀ ਮੁਥਾਜ ਬਣੀ ਹੋਈ ਹੈ। ਵਿਦਿਆ ਲੋਕਾਂ ਦੇ ਕਲਿਆਣ ਦੇ ਲੇਖੇ ਨਹੀਂ ਲੱਗਦੀ। ਕਿਸੇ ਫਖ਼ਰਯੋਗ ਮਾਨਸਿਕ ਤਸੱਲੀ ਦਾ ਸਾਧਨ ਨਹੀਂ ਬਣਦੀ ਸਗੋਂ ਬਹੁ-ਕੌਮੀ ਕੰਪਨੀਆਂ ਦੇ ਵਪਾਰ ਅਤੇ ਮੁਨਾਫਿਆਂ ਦਾ ਸਾਧਨ ਬਣਦੀ ਹੈ। ਇਹ ਹਾਲਤ ਸਵੈ-ਮਾਣ ਭਰੀ ਅਰਥ-ਭਰਪੂਰ, ਇਮਾਨਦਾਰ ਅਤੇ ਕਲਿਆਣਕਾਰੀ ਜ਼ਿੰਦਗੀ ਲਈ ਤਾਂਘਦੀ ਜੁਆਨੀ ਦੇ ਮਨਾਂ ਨੂੰ ਚੋਭਾਂ ਲਾਉਂਦੀ ਹੈ। ਬੇਚੈਨੀ ਅਤੇ ਉਪਰਾਮਤਾ ਦੀ ਵਜਾਹ ਬਣਦੀ ਹੈ। ਜ਼ਿੰਦਗੀ ਤੋਂ ਉਪਰਾਮ ਹੋਈ ਜੁਆਨੀ ਨੂੰ ਕੁਰਾਹੇ ਪਾਉਣ ਲਈ ਨਿੱਘਰੇ ਪਿਛਾਂਹਖਿੱਚੂ ਸਭਿਆਚਾਰ ਦੇ ਗੱਫੇ ਵਰਤਾਏ ਜਾਂਦੇ ਹਨ। ਨਸ਼ਿਆਂ ਅਪਰਾਧਾਂ ਅਤੇ ਨੰਗੇਜ਼-ਭਰਪੂਰ ਫਿਲਮਾਂ ਅਤੇ ਅਸ਼ਲੀਲ ਸਾਹਿਤ ਦਾ ਜਾਲ ਵਿਛਾਇਆ ਜਾਂਦਾ ਹੈ। ਨਿੱਜੀ ਅਯਾਸ਼ੀ ਨੂੰ ਜੀਵਨ ਦਾ ਸਭ ਤੋਂ ਵੱਡਾ ਟੀਚਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਨਵੀਆਂ ਆਰਥਿਕ ਨੀਤੀਆਂ ਨਾਲ ਜੁੜ ਕੇ ਇਸ ਮਾਰੂ ਸਭਿਆਚਾਰਕ ਹੱਲੇ ਨੇ ਬਹੁਤ ਤੇਜੀ ਫੜ ਲਈ ਹੈ। ਦੂਜੇ ਪਾਸੇ, ਖਰੇ ਸਵੈ-ਮਾਣ ਲਈ ਤਾਂਘ ਰਹੇ ਨੌਜਵਾਨਾਂ ਨੂੰ ਭਟਕਾਉਣ ਲਈ ਨਿੱਘਰੇ ਪਿਛਾਂਹਖਿੱਚੂ ਜਗੀਰੂ ਸਭਿਆਚਾਰ ਦਾ ਹੱਲਾ ਤੇਜ ਕੀਤਾ ਜਾ ਰਿਹਾ ਹੈ। ਇਹ ਸਭਿਆਚਾਰ ਖਰੇ ਸਵੈ-ਮਾਣ ਦੇ ਬਦਲ ਵਜੋਂ ਜਾਤ-ਹੰਕਾਰ, ਧਰਮ-ਹੰਕਾਰ, ਇਲਾਕਾਈ ਹੰਕਾਰ ਅਤੇ ਕੌਮ ਹੰਕਾਰ ਦੀਆਂ ਭਾਵਨਾਵਾਂ ਨੂੰ ਹਵਾ ਦਿੰਦਾ ਹੈ ਅਤੇ ਨੌਜਵਾਨਾਂ ਨੂੰ ਪੁਰਾਤਨਪੰਥੀ ਲਹਿਰਾਂ ਦੇ ਚੁੰਗਲ 'ਚ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। 
ਇਹਨਾਂ ਹਾਲਤਾਂ 'ਚ ਖਰੇ ਸਵੈ-ਮਾਣ ਭਰੀ ਜ਼ਿੰਦਗੀ ਲਈ ਸੰਘਰਸ਼ ਨੂੰ ਅੱਗੇ ਤੋਰਨਾ ਨੌਜਵਾਨਾਂ ਲਈ ਇੱਕ ਚੁਣੌਤੀ ਭਰਿਆ ਕਾਰਜ ਹੈ। ਨੌਜਵਾਨਾਂ ਦੀ ਹੋਣੀ ਮੁਲਕ ਦੇ ਲੋਕਾਂ ਦੀ ਹੋਣੀ ਨਾਲ ਜੁੜੀ ਹੋਈ ਹੈ। ਇਸ ਹੋਣੀ ਨੇ ਕੌਮੀ ਸ਼ਹੀਦਾਂ ਦੇ ਰਾਹ 'ਤੇ ਚੱਲ ਕੇ ਅਤੇ ਉਹਨਾਂ ਦੇ ਸੁਪਨਿਆਂ ਦੀ ਡਗੋਰੀ ਫੜ ਕੇ ਸਾਕਾਰ ਹੋਣਾ ਹੈ। ਇਹ ਹਾਲਤ ਅੱਜ ਫੇਰ ਨੌਜਵਾਨਾਂ ਤੋਂ ਕੌਮੀ ਸ਼ਹੀਦਾਂ ਦੇ ਹੋਕੇ ਨੂੰ ਮੁੜ-ਸੁਰਜੀਤ ਕਰਨ ਦੀ ਮੰਗ ਕਰਦੀ ਹੈ। ਮੁਲਕ ਦੀ ਲੋਕਾਈ ਨੂੰ ਝੰਜੋੜ ਕੇ ਜਗਾਉਣ ਅਤੇ ਸ਼ਹੀਦਾਂ ਵੱਲੋਂ ਦਰਸਾਏ ''ਯੁੱਧ'' ਦਾ ਰਾਹ ਪੱਧਰਾ ਕਰਨ ਲਈ ਆਪਣਾ ਰੋਲ ਨਿਭਾਉਣ ਦੀ ਮੰਗ ਕਰਦੀ ਹੈ। 
ਸੱਤਰਵਿਆਂ ਦੇ ਦਹਾਕੇ 'ਚ ਪੰਜਾਬ ਦੀ ਧਰਤੀ 'ਤੇ ਇਨਕਲਾਬੀ ਵਿਦਿਆਰਥੀ-ਨੌਜਵਾਨ ਲਹਿਰ ਦੇ ਹੋਕੇ ਦੀ ਗੂੰਜ ਸੁਣਾਈ ਦਿੰਦੀ ਰਹੀ ਹੈ। ਉਦੋਂ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਸੰਕਟ ਦੇ ਸਮਿਆਂ 'ਚ ਲੋਕਾਂ ਸਾਹਮਣੇ ''ਕੌਮ ਦੇ ਕਲਿਆਣ ਦਾ ਰਾਹ'' ਉਭਾਰਨ 'ਚ ਅਹਿਮ ਹਿੱਸਾ ਪਾਇਆ। 1974 'ਚ ਮੋਗੇ 'ਚ ਹੋਈ ਸੰਗਰਾਮ ਰੈਲੀ ਨੇ ਦਰਸਾਇਆ ਕਿ ਨੌਜਵਾਨ ਅਤੇ ਵਿਦਿਆਰਥੀ ਵੱਡੇ ਲੁਟੇਰਿਆਂ ਦੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀਆਂ ਗੁਮਰਾਹ-ਕਰੂ ਸਾਜਸ਼ਾਂ ਨੂੰ ਪਛਾੜ ਕੇ ਲੋਕਾਂ ਨੂੰ ਮੁਕਤੀ ਦਾ ਰਾਹ ਵਿਖਾਉਣ 'ਚ ਕਿਹੋ ਜਿਹਾ ਅਹਿਮ ਰੋਲ ਅਦਾ ਕਰ ਸਕਦੇ ਹਨ। ਉਦੋਂ ਨੌਜਵਾਨਾਂ ਦਾ ਮੰਚ ਨੌਜਵਾਨ ਭਾਰਤ ਸਭਾ, ਵਿਦਿਆਰਥੀ ਜਥੇਬੰਦੀ ਦੇ ਅੰਗ-ਸੰਗ ਲੋਕਾਂ ਦੇ ਹੱਕੀ ਸੰਘਰਸ਼ਾਂ ਦਾ ਝੰਜੋੜੂ ਦਸਤਾ ਬਣ ਕੇ ਉਭਰਿਆ। ਇਸ ਨੇ ਲੋਕਾਂ ਦੇ ਮਨਾਂ 'ਤੇ ਇਨਕਲਾਬੀ ਚੇਤਨਾ ਦੀ ਛਾਪ ਲਾਉਣ ਦਾ ਰੋਲ ਅਦਾ ਕੀਤਾ। 
ਅੱਜ ਦੀ ਹਾਲਤ ਮੰਗ ਕਰਦੀ ਹੈ ਕਿ ਨੌਜਵਾਨ ਕੌਮੀ ਸ਼ਹੀਦਾਂ ਦੇ ਹੋਕੇ ਨੂੰ ਫਿਰ ਉਸੇ ਤਰਾਂ ਹੁਗਾਰਾ ਦੇਣ ਜਿਵੇਂ ਪੰਜਾਬ ਦੀ ਜੁਆਨੀ ਨੇ ਸੱਤਰਵਿਆਂ ਦੇ ਦਹਾਕੇ ਵਿੱਚ ਦਿੱਤਾ ਸੀ। ਅੱਜ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅੱਤੀ ਮਜ਼ੂਦਰਾਂ ਅਤੇ ਮੁਲਾਜ਼ਮਾਂ ਨੇ ਹੱਕੀ ਸੰਘਰਸ਼ਾਂ ਦੇ ਮੋਰਚੇ ਮੱਲੇ ਹੋਏ ਹਨ। ਲੋਕਾਂ ਦੇ ਹੱਕਾਂ ਦੀ ਇਹ ਲਹਿਰ ਅੱਗੇ ਕਦਮ ਵਧਾਉਣ ਲਈ ਇਨਕਲਾਬੀ ਨੌਜਵਾਨ ਲਹਿਰ ਦੇ ਕਦਮਾਂ ਦਾ ਝੰਜੋੜਾ ਮੰਗਦੀ ਹੈ। ਸਮਾਂ ਲੋਕਾਂ ਦੇ ਇਹਨਾਂ ਸੰਘਰਸ਼ਾਂ ਨੂੰ ਕੌਮੀ ਸ਼ਹੀਦਾਂ ਦੇ ਅਧੂਰੇ ਅਤੇ ਮਹਾਨ ਕਾਜ ਨਾਲ ਜੋੜਨ ਦੀ ਜੁੰਮੇਵਾਰੀ 'ਚ ਨੌਜਵਾਨਾਂ ਤੋਂ ਆਪਣਾ ਰੋਲ ਨਿਭਾਉਣ ਦੀ ਮੰਗ ਕਰਦਾ ਹੈ। ਇਨਕਲਾਬ ਦੇ ਹੋਕੇ ਨੂੰ ਖੇਤਾਂ, ਝੁੱਗੀਆਂ ਅਤੇ ਫੈਕਟਰੀਆਂ ਵਿੱਚ ਲਿਜਾਣ ਦੀ ਮੰਗ ਕਰਦਾ ਹੈ। 
ਅੱਜ ਸੰਸਾਰ ਭਰ ਅੰਦਰ ਨੌਜਵਾਨਾਂ ਦੇ ਕਾਫ਼ਲੇ ਲੋਕਾਂ ਦੇ ਸੰਘਰਸ਼ਾਂ 'ਚ ਆਪਣਾ ਮੋਰਚਾ ਮੱਲਣ ਲਈ ਮੈਦਾਨ ਵਿੱਚ ਨਿੱਤਰ ਰਹੇ ਹਨ। ਕੁਝ ਚਿਰ ਪਹਿਲਾਂ ਇਸ ਦੀ ਝਲਕ ਤਿੱਖੀ ਹੋ ਰਹੀ ਪੂੰਜੀਵਾਦੀ ਲੁੱਟ ਖਿਲਾਫ ਵੰਗਾਰ ਬਣ ਕੇ ਉੱਠੇ ਯੁਰਪ ਦੇ ਨੌਜਵਾਨਾਂ ਨੇ ਪੇਸ਼ ਕੀਤੀ ਹੈ। ਇਹਨੀਂ ਦਿਨੀਂ ਇਹ ਝਲਕ ਸਾਮਰਾਜੀ ਦਾਬੇ, ਲੁੱਟ ਅਤੇ ਅੱਤਿਆਚਾਰੀ ਰਾਜਾਂ ਖਿਲਾਫ ਅਰਬ ਜਗਤ ਦੇ ਲੋਕ-ਉਭਾਰ ਅੰਦਰ ਅੱਗੇ ਹੋ ਕੇ ਜੂਝ ਰਹੇ ਨੌਜਵਾਨਾਂ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਸਮਾਂ ਮੰਗ ਕਰਦਾ ਹੈ ਕਿ ਅਸੀਂ  ਸੰਸਾਰ ਦੀ ਜੁਆਨੀ ਨਾਲ ਕਦਮ ਮਿਲਾ ਕੇ ਆਪਣਾ ਇਤਿਹਾਸਕ ਰੋਲ ਨਿਭਾਉਣ ਲਈ ਮੈਦਾਨ ਵਿੱਚ ਨਿੱਤਰੀਏ। 
ਇਸ ਅਹਿਸਾਸ ਨਾਲ ਅੱਜ ਦੀ ਕਨਵੈਨਸ਼ਨ ਪੰਜਾਬ ਦੀ ਧਰਤੀ 'ਤੇ ਨੌਜਵਾਨ ਭਾਰਤ ਸਭਾ ਦੇ ਮੰਚ ਨੂੰ ਮੁੜ-ਸੁਰਜੀਤ ਕਰਨ ਦਾ ਫੈਸਲਾ ਕਰਦੀ ਹੈ। ਇਹ ਮੰਚ ਸ਼ਹੀਦ ਭਗਤ ਸਿੰਘ ਦੀ ਨੌਜਵਾਨ ਭਾਰਤ ਸਭਾ ਦੇ ਵਿਰਸੇ ਨੂੰ ਅਤੇ ਸੱਤਰਵਿਆਂ ਦੀ ਇਨਕਲਾਬੀ ਨੌਜਵਾਨ ਲਹਿਰ ਦੇ ਵਿਰਸੇ ਨੂੰ ਅੱਗੇ ਤੋਰਨ ਲਈ ਨੌਜਵਾਨਾਂ ਨੂੰ ਜਥੇਬੰਦ ਅਤੇ ਲਾਮਬੰਦ ਕਰੇਗਾ। ਇਸ ਰੌਸ਼ਨੀ ਵਿੱਚ ਅਸੀਂ ਨੌਜਵਾਨਾਂ 'ਚ ਰਾਜਨੀਤਕ ਚੇਤਨਾ ਦਾ ਸੰਚਾਰ ਕਰਾਂਗੇ ਪਰ ਕਿਸੇ ਵੀ ਰਾਜਨੀਤਕ ਪਾਰਟੀ ਦਾ ਵਿੰਗ ਨਹੀਂ ਹੋਵਾਂਗੇ। ਅਸੀਂ ਸੱਤਰਵਿਆਂ 'ਚ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਉਭਾਰੇ ''ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦੇ ਰਾਹ'' ਦੀ ਰੌਸ਼ਨੀ 'ਚ ਆਪਣੇ ਕਦਮਾਂ ਦੀ ਨੁਹਾਰ ਉਲੀਕਾਂਗੇ ਅਤੇ ਮੌਜੂਦਾ ਹਾਲਤ ਦੀਆਂ ਲੋੜਾਂ ਅਨੁਸਾਰ ਇਸਦੇ ਨਕਸ਼ ਨਿਖਾਰਾਂਗੇ। ਅਸੀਂ ਸਪਸ਼ਟ ਐਲਾਨ ਕਰਦੇ ਹਾਂ ਕਿ ਸ਼ਹੀਦਾਂ ਦੇ ਸੁਪਨਿਆਂ ਅਨੁਸਾਰ ਵਿਦੇਸ਼ੀ ਸਾਮਰਾਜੀਆਂ, ਵੱਡੇ ਪੂੰਜੀਪਤੀਆਂ ਅਤੇ ਵੱਡੇ ਭੋਇੰ-ਮਾਲਕਾਂ ਦੀ ਚੌਧਰ ਦੀ ਸਮਾਪਤੀ ਸਾਡਾ ਨਿਸ਼ਾਨਾ ਹੈ। ਇਹਨਾਂ ਦੇ ਵਸੀਲਿਆਂ ਨੂੰ ਜਬਤ ਕਰਕੇ ਲੋਕਾਂ ਦੀ ਵਿਸ਼ਾਲ ਬਹੁਗਿਣਤੀ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਲੇਖੇ ਲਾਉਣ ਦਾ ਰਾਹ ਖੋਲ
Hਣਾ ਸਾਡਾ ਨਿਸ਼ਾਨਾ ਹੈ। ਮੌਜੂਦਾ ਰਾਜ ਪ੍ਰਬੰਧ ਨੂੰ ਬਦਲ ਕੇ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਸਰਦਾਰੀ ਵਾਲਾ ਨਵਾਂ ਇਨਕਲਾਬੀ ਸਮਾਜ ਸਿਰਜਣਾ ਸਾਡਾ ਨਿਸ਼ਾਨਾ ਹੈ। ਅਸੀਂ ਸੁਚੇਤ ਹਾਂ ਕਿ ਮੌਜੂਦਾ ਰਾਜ ਪ੍ਰਬੰਧ ਵੱਲੋਂ ਬਰਤਾਨਵੀ ਬਸਤੀਵਾਦੀ ਰਾਜ ਤੋਂ ਵਿਰਸੇ 'ਚੋਂ ਲਈਆਂ ਸੰਸਥਾਵਾਂ (ਪਾਰਲੀਮੈਂਟ, ਅਸੰਬਲੀਆਂ ਵਗੈਰਾ) ਅਜਿਹੀ ਇਨਕਲਾਬੀ ਤਬਦੀਲੀ ਦਾ ਸਾਧਨ ਨਹੀਂ ਬਣ ਸਕਦੀਆਂ। ਨਾ ਹੀ ਵੱਡੀਆਂ ਜੋਕਾਂ ਅਤੇ ਮੌਜੂਦਾ ਲੋਕ ਦੁਸ਼ਮਣ ਪ੍ਰਬੰਧ ਦੀ ਸੇਵਾ ਕਮਾਉਣ ਵਾਲੀਆਂ ਰਾਜਨੀਤਕ ਪਾਰਟੀਆਂ 'ਤੇ ਟੇਕ ਰੱਖੀ ਜਾ ਸਕਦੀ ਹੈ। ਦੇਸ਼ ਦੀ ਬਹੁਗਿਣਤੀ ਜਨਤਾ ਦੀ ਏਕਤਾ ਅਤੇ ਸੰਘਰਸ਼ ਰਾਹੀਂ ਉਸਰੀ ਲੋਕਾਂ ਦੀ ਆਜ਼ਾਦ ਇਨਕਲਾਬੀ ਸਿਆਸੀ ਲਹਿਰ ਰਾਹੀਂ ਹੀ ਇਹ ਨਿਸ਼ਾਨਾ ਹਾਸਲ ਕੀਤਾ ਜਾ ਸਕਦਾ ਹੈ। ਅਸੀਂ ਲੋਕਾਂ ਦੇ ਮਿਹਨਤਕਸ਼ ਹਿੱਸਿਆਂ ਦੀ ਅਗਵਾਈ ਅਤੇ ਸਾਥ ਨਾਲ ਇਸ ਨਿਸ਼ਾਨੇ ਲਈ ਜੂਝਣਾ ਹੈ। ਸੰਘਰਸ਼ਸ਼ੀਲ ਹੋ ਰਹੇ ਲੋਕਾਂ ਨੂੰ ਇਨਕਲਾਬੀ ਸਿਆਸੀ ਝੰਜੋੜਾ ਦੇਣ ਅਤੇ ਇਸ ਨਿਸ਼ਾਨੇ ਨਾਲ ਲੈਸ ਕਰਨ 'ਚ ਮਹੱਤਵਪੂਰਨ ਰੋਲ ਨਿਭਾਉਣਾ ਹੈ। 
ਅੱਜ ਦੀ ਕਨਵੈਨਸ਼ਨ ਨੌਜਵਾਨ ਪਲੇਟਫਾਰਮ ਦੀ ਉਸਾਰੀ ਲਈ ਨੌਜਵਾਨ ਭਾਰਤ ਸਭਾ ਦੀ ਸੂਬਾਈ ਜਥੇਬੰਦਕ ਕਮੇਟੀ ਦੇ ਗਠਨ ਦਾ ਫੈਸਲਾ ਕਰਦੀ ਹੈ। ਇਹ ਸੂਬਾਈ ਕਮੇਟੀ ਇਸ ਪਲੇਟਫਾਰਮ ਦਾ ਐਲਾਨਨਾਮਾ ਅਤੇ ਜਥੇਬੰਦਕ ਕਾਰ-ਵਿਹਾਰ ਦੇ ਨਿਯਮ ਤਿਆਰ ਕਰੇਗੀ ਅਤੇ ਬਾਕਾਇਦਾ ਅਜਲਾਸ ਤੱਕ ਪਲੇਟਫਾਰਮ ਦੀਆਂ ਸਰਗਰਮੀਆਂ ਦੀ ਅਗਵਾਈ ਕਰੇਗੀ। ਸੂਬਾ ਜਥੇਬੰਦਕ ਕਮੇਟੀ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਸਥਾਪਨਾ ਮਤੇ ਨਾਲ ਸਹਿਮਤੀ ਦੇ ਅਧਾਰ ਤੇ ਨੌਜਵਾਨਾਂ ਨੂੰ ਮੈਂਬਰ ਬਣਾਇਆ ਜਾਵੇਗਾ। ਇਲਾਕਿਆਂ ਦੇ ਕੰਮ ਕਾਰ ਦੀ ਅਗਵਾਈ ਲਈ ਇਹਨਾਂ ਮੈਂਬਰਾਂ 'ਚੋਂ ਇਲਾਕਾ ਜਥੇਬੰਦਕ ਕਮੇਟੀਆਂ ਜਥੇਬੰਦ ਕੀਤੀਆਂ ਜਾਣਗੀਆਂ। 
ਵੱਲੋਂ:
ਸੂਬਾ ਜਥੇਬੰਦਕ ਕਮੇਟੀ,
ਨੌਜਵਾਨ ਭਾਰਤ ਸਭਾ।

ਨੌਜਵਾਨ ਭਾਰਤ ਸਭਾ ਦਾ ਝੰਡਾ


ਨੌਜਵਾਨ ਭਾਰਤ ਸਭਾ ਦੇ ਝੰਡੇ ਦਾ ਅਕਾਰ ਲੰਬਾਈ ਵਿੱਚ  ਤਿੰਨ ਅਤੇ ਚੌੜਾਈ ਵਿੱਚ ਦੋ ਹਿੱਸੇ ਹੋਵੇਗਾ। ਸੋਟੀ ਵਾਲੇ ਪਾਸੇ ਦਾ ਪਹਿਲਾ ਇੱਕ ਤਿਹਾਈ ਭਾਗ ਚਿੱਟੇ ਰੰਗ ਵਿੱਚ ਅਤੇ ਅਗਲਾ ਦੋ-ਤਿਹਾਈ ਭਾਗ ਲਾਲ ਰੰਗ ਵਿੱਚ ਹੋਵੇਗਾ। ਚਿੱਟੇ ਹਿੱਸੇ ਦੇ ਉਪਰਲੇ ਭਾਗ ਵਿੱਚ ਲਾਲ ਰੰਗ ਨਾਲ ਸ਼ਬਦ 'ਜ਼ੰਜ਼ੀਰ ਤੋਂ' ਅਤੇ ਲਾਲ ਹਿੱਸੇ ਵਿੱਚ ਚਿੱਟੇ ਰੰਗ ਵਿੱਚ 'ਤਕਦੀਰ ਵੱਲ' ਲਿਖੇ ਹੋਣਗੇ। ਲਾਲ ਹਿੱਸੇ ਦੇ ਉਪਰਲੇ ਕੋਨੇ ਵਿੱਚ ਚਿੱਟੀ ਲਾਈਨਿੰਗ ਵਿੱਚ ਪੰਜ ਕੋਨਾ ਲਾਲ ਸਿਤਾਰਾ ਹੋਵੇਗਾ। ਚੌੜਾਈ ਦਾ ਉਪਰਲਾ ਇੱਕ-ਤਿਹਾਈ ਹਿੱਸਾ ਛੱਡ ਕੇ ਹੇਠਲੇ ਦੋ ਹਿੱਸਿਆਂ ਵਿੱਚ ਚਿੱਟੇ ਭਾਗ ਤੋਂ ਲਾਲ ਭਾਗ ਵੱਲ ਵਧਦੇ ਹੋਏ ਨੌਜਵਾਨ ਦਾ ਪਰਛਾਵਾਂ-ਰੂਪ ਅਕਾਰ ਹੋਵੇਗਾ। ਨੌਜਵਾਨ ਦੀ ਸੱਜੀ ਬਾਂਹ ਪਿੱਛੇ ਵੱਲ ਨੂੰ ਖਿੱਚੀ ਹੋਈ ਅਤੇ ਸੱਜੀ ਲੱਤ ਦਾ ਕੁਝ ਹਿੱਸਾ ਚਿੱਟੇ ਰੰਗ ਵਾਲੇ ਭਾਗ ਵਿੱਚ ਲਾਲ ਲਾਈਨਿੰਗ ਵਿੱਚ ਹੋਵੇਗਾ ਅਤੇ ਬਾਕੀ ਸਾਰਾ ਹਿੱਸਾ ਅੱਗੇ ਵੱਲ ਨੂੰ ਵਧਦਾ ਹੋਇਆ ਅਤੇ ਖੱਬਾ ਮੁੱਕਾ ਤਣਿਆ ਹੋਇਆ ਲਾਲ ਭਾਗ ਵਿੱਚ ਚਿੱਟੀ ਲਾਈਨਿੰਗ ਵਿੱਚ ਹੋਵੇਗਾ। ਨੌਜਵਾਨ ਦੀ ਨਜ਼ਰ ਲਾਲ ਸਿਤਾਰੇ ਵੱਲ ਪੈਂਦੀ ਹੋਵੇਗੀ। ਪੈਰਾਂ ਦੀ ਸੇਧ ਵਿੱਚ ਲਾਲ ਭਾਗ ਵਿੱਚ ਚਿੱਟੇ ਰੰਗ ਨਾਲ ਸ਼ਬਦ 'ਅੱਗੇ ਵਧੋ' ਲਿਖੇ ਹੋਣਗੇ, ਜਿਨ
HW ਦਾ ਅਕਾਰ ਉਪਰਲੇ ਸ਼ਬਦਾਂ ਤੋਂ ਥੋੜਾ ਵੱਡਾ ਹੋਣਾ ਚਾਹੀਦਾ ਹੈ।

ਨਾਅਰੇ

1. ਇਨਕਲਾਬ-ਜ਼ਿੰਦਾਬਾਦ!
2. ਸਾਮਰਾਜਵਾਦ-ਮੁਰਦਾਬਾਦ!
3. ਅਮਰ ਸ਼ਹੀਦਾਂ ਦਾ ਪੈਗਾਮ- ਜਾਰੀ ਰੱਖਣਾ ਹੈ ਸੰਗਰਾਮ
4. ਸ਼ਹੀਦੋ ਥੋਡਾ ਕਾਜ਼ ਅਧਾਰ- ਲਾ ਕੇ ਜਿੰਦੜੀਆਂ ਕਰਾਂਗੇ ਪੂਰਾ
5. ਜੜ
H ਤੋਂ ਪੁੱਟ ਕੇ ਭੋਂ-ਸਰਦਾਰੀ- ਲੋਕ ਰਾਜ ਦੀ ਹੋਊ ਉਸਾਰੀ
6.  ਚੋਰ ਗੁਲਾਮੀ ਦੀ ਜ਼ੰਜ਼ੀਰ- ਤੋੜ ਉਸਾਰਾਂਗੇ ਤਕਦੀਰ
7. ਲੋਕਾਂ ਦਾ ਖੋਹ ਕੇ ਰੁਜ਼ਗਾਰ- ਪਲਣ ਵਿਦੇਸ਼ੀ ਸ਼ਾਹੂਕਾਰ
8. ਸਾਮਰਾਜੀਏ ਸ਼ਾਹੂਕਾਰ- ਕੁੱਟ ਦਬੱਲਣੇ ਜੂਹੋਂ ਬਾਹਰ
9. ਜਾਤ-ਧਰਮ ਦੇ ਪਾ ਕੇ ਪਰਦੇ- ਸੱਜਣ ਠੱਗ ਗੱਦੀਆਂ ਲਈ ਲੜਦੇ
10. ਸਾਮਰਾਜੀ-ਜਗੀਰੂ ਸਭਿਆਚਾਰ- ਮੁਰਦਾਬਾਦ
11. ਜੜ
H ਤੋਂ ਪੁੱਟ ਕੇ ਲੋਟੂ ਰਾਜ- ਲੋਕ ਪੁੱਗਤ ਦਾ ਬਣੇ ਸਮਾਜ
12. ਲੋਕ ਲਹਿਰਾਂ ਨੂੰ ਕੁਚਲਣ ਲਈ ਬਣਾਏ ਕਾਲੇ ਕਾਨੂੰਨ- ਰੱਦ ਕਰੋ
13. ਸਾਡੀ ਧਰਤ ਦੇ ਮਾਲ ਖਜ਼ਾਨੇ- ਚੂੰਡੀ ਜਾਂਦੇ ਦੇਸ਼ ਬੇਗਾਨੇ
14. ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦਾ- ਲੋਕ ਦੁਸ਼ਮਣ ਹਮਲਾ ਬੰਦ ਕਰੋ
15. ਨਵੀਂ ਕੌਮ ਦੀ ਹੋਊ ਉਸਾਰੀ- ਲੋਕਾਂ ਦੀ ਚੱਲੂ ਮੁਖਤਿਆਰੀ
16. ਹਾਕਮਾਂ ਨੇ ਚੱਕੀਆਂ ਸਭ ਰੋਕਾਂ- ਚੂਸਣ ਖੂਨ ਵਿਦੇਸ਼ੀ ਜੋਕਾਂ
17. ਵਿਦੇਸ਼ੀ ਪੂੰਜੀ ਪਾਏ ਪੁਆੜੇ- ਛੋਟੇ ਕਾਰੋਬਾਰ ਉਜਾੜੇ
18. ਨਿੱਜੀਕਰਨ ਦੀ ਫੜ ਤਲਵਾਰ- ਛਾਂਗਣ ਲੋਕਾਂ ਦਾ ਰੁਜ਼ਗਾਰ
19. ਲੋਕ ਘੋਲਾਂ ਦਾ ਫੜ ਕੇ ਰਾਹ- ਲੋਟੂ ਢਾਂਚਾ ਕਰੋ ਤਬਾਹ
20. ਸਾਮਰਾਜੀ ਮੁਲਕਾਂ ਨਾਲ ਕੀਤੇ ਖਰਬਾਂ ਦੇ ਹਥਿਆਰ ਸਮਝੌਤੇ ਰੱਦ ਕਰੋ
21. ਸਭਨਾਂ ਲਈ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤੇ ਦਾ ਪ੍ਰਬੰਧ ਕਰੋ
22. ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ- ਰੱਦ ਕਰੋ

ਸੂਬਾ ਜਥੇਬੰਦਕ ਸਕੱਤਰ, 
ਪਾਵੇਲ ਕੁੱਸਾ, ਪਿੰਡ ਤੇ ਡਾਕਖਾਨਾ ਕੁੱਸਾ, ਜ਼ਿਲਾ ਮੋਗਾ
ਫੋਨ- 94170 54015          
e-mail : pavelkussa@gmail.com

No comments:

Post a Comment