Sunday 12 February 2012

ਗੁਰਸ਼ਰਨ ਸਿੰਘ ਨੂੰ ਸਮਰਪਤ ਨਾਟਕਾਂ ਅਤੇ ਗੀਤਾਂ ਭਰੀ ਰਾਤ


ਪੰਜਾਬ ਲੋਕ ਸਭਿਆਚਾਰਕ ਮੰਚ

ਜਲੰਧਰ, 10 ਫਰਵਰੀ                                          ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਸ਼ਰੋਮਣੀ ਨਾਟਕਕਾਰ ਅਤੇ ਇਨਕਲਾਬੀ ਜਮਹੂਰੀ ਲਹਿਰ ਦੀ ਨਿਹਚਾਵਾਨ ਸਖਸ਼ੀਅਤ ਸ੍ਰੀ ਗੁਰਸ਼ਰਨ ਸਿੰਘ ਨੂੰ ਸਮਰਪਤ 25 ਫਰਵਰੀ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਵਿਚ 7 ਨਾਟਕ, ਕੋਰਿਓਗਰਾਫ਼ੀਆਂ, ਗੀਤ-ਸੰਗੀਤ ਅਤੇ ਨਵ-ਪ੍ਰਕਾਸ਼ਤ ਪੁਸਤਕਾਂ ਲੋਕ ਅਰਪਣ ਕਰਨ ਦੇ ਵੰਨ-ਸੁਵੰਨੇ ਕਲਾਤਮਕ ਰੰਗ ਪੇਸ਼ ਕਰਨ ਤੋਂ ਇਲਾਵਾ ਗੁਰਸ਼ਰਨ ਸਿੰਘ ਦੀ ਵਿਲੱਖਣ ਨਾਟ-ਸ਼ੈਲੀ ਅਨੁਸਾਰ ਇਨਕਲਾਬੀ ਰੰਗ ਮੰਚ ਨੂੰ ਬੁਲੰਦੀਆਂ ਤੇ ਪਹੁੰਚਾਣ ਦਾ ਅਹਿਦ ਲਿਆ ਜਾਵੇਗਾ।


ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਬੀਤੇ 28 ਵਰ੍ਹਿਆਂ ਤੋਂ ਨਿਰੰਤਰ ਹੋ ਰਹੇ ਇਸ ਯਾਦਗਾਰੀ ਸਭਿਆਚਾਰਕ ਸਮਾਗਮ ਵਿਚ ਇਸ ਵਾਰ ਅੰਮ੍ਰਿਤਸਰ ਨਾਟਕ ਕਲਾ ਕੇਂਦਰ, ਚੰਡੀਗੜ੍ਹ (ਏਕੱਤਰ), ਯੁਵਾ, ਜਲੰਧਰ (ਪ੍ਰੋ. ਅੰਕੁਰ ਸ਼ਰਮਾ), ਆਜ਼ਾਦ ਰੰਗ ਮੰਚ, ਚੱਕ ਦੇਸ ਰਾਜ (ਪ੍ਰੋ. ਜਸਕਰਨ), ਨਵਚਿੰਤਨ ਕਲਾ ਮੰਚ, ਬਿਆਸ (ਹੰਸਾ ਸਿੰਘ), ਪੀਪਲਜ਼ ਥੀਏਟਰ, ਲਹਿਰਾਗਾਗਾ (ਸੈਮੁਅਲ ਜੌਨ) ਮੰਚ ਲੋਕ ਮੰਚ, ਬਠਿੰਡਾ (ਬਲਰਾਜ ਸਾਗਰ), ਚੇਤਨਾ ਕਲਾ ਕੇਂਦਰ, ਬਰਨਾਲਾ (ਹਰਵਿੰਦਰ ਦੀਵਾਨਾ) ਆਦਿ ਰੰਗ ਮੰਡਲੀਆਂ ਕਰਮਵਾਰ 'ਹਵਾਈ ਗੋਲੇ', 'ਕੋਰਟ ਮਾਰਸ਼ਲ', 'ਜਜ਼ਬਿਆਂ ਦੇ ਆਰ-ਪਾਰ', 'ਗਗਨ ਦਮਾਮ ਵਾਜਿਓ', 'ਕਿਰਤੀ', 'ਨਾਇਕ' ਅਤੇ 'ਜੂਝੇ ਬਿਨਾ ਹੱਲ ਕੋਈ ਨਾ' ਆਦਿ ਗੁਰਸ਼ਰਨ ਸਿੰਘ, ਸਵਦੇਸ਼ ਦੀਪਕ, ਕੇਵਲ ਧਾਲੀਵਾਲ, ਪਿਊਸ਼ ਮਿਸ਼ਰਾ, ਸੈਮੂਅਲ ਜੌਨ ਅਤੇ ਅਮੋਲਕ ਸਿੰਘ ਦੇ ਲਿਖੇ ਨਾਟਕ ਪੇਸ਼ ਕਰਨਗੀਆਂ।

ਪਲਸ ਮੰਚ ਦੇ ਸੂਬਾਈ ਆਗੂ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਲੋਕ ਸੰਗੀਤ ਮੰਡਲੀ, ਭਦੌੜ (ਮਾਸਟਰ ਰਾਮ ਕੁਮਾਰ), ਲੋਕ ਸੰਗੀਤ ਮੰਡਲੀ, ਜੀਦਾ (ਜਗਸੀਰ ਜੀਦਾ), ਕਰਾਂਤੀਕਾਰੀ ਸਭਿਆਚਾਰਕ ਕੇਂਦਰ (ਗੁਰਮੀਤ ਜੱਜ) ਅਤੇ ਅੰਮ੍ਰਿਤਪਾਲ ਬੰਗੇ ਆਦਿ ਵੱਲੋਂ ਗੀਤ-ਸੰਗੀਤ ਪੇਸ਼ ਕੀਤੇ ਜਾਣਗੇ।

ਪਲਸ ਮੰਚ ਦੀ ਸੂਬਾ ਕਮੇਟੀ ਨੇ ਪੰਜਾਬ ਦੀਆਂ ਸਮੂਹ ਸਾਹਿਤਕੀ, ਸਭਿਆਚਾਰਕ, ਜਮਹੂਰੀ, ਤਰਕਸ਼ੀਲ, ਲੋਕ-ਪੱਖੀ ਇਨਕਲਾਬੀ ਜਮਹੂਰੀ ਸੰਸਥਾਵਾਂ ਅਤੇ ਉਸਾਰੂ ਸਾਹਿਤ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ 'ਚ 25 ਫਰਵਰੀ ਸ਼ਾਮ ਠੀਕ 7.30 ਵਜੇ ਦੇਸ਼ ਭਗਤ ਯਾਦਗਾਰ ਹਾਲ ਸ਼ੁਰੂ ਹੋਣ ਵਾਲੀ ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਸਭਾਚਾਰਕ ਰਾਤ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।



ਜਾਰੀ ਕਰਤਾ
ਅਮੋਲਕ ਸਿੰਘ
(ਸੰਪਰਕ 94170-76735)

No comments:

Post a Comment