Thursday 27 February 2014

ਨੌਜਵਾਨ ਵਿਦਿਆਰਥੀ ਚੇਤਨਾ ਮੁਹਿੰਮ ਦੀ ਸ਼ੁਰੂਆਤ-ਬਠਿੰਡੇ 'ਚ ਇਕੱਤਤਾ ਅਤੇ ਮਾਰਚ



ਨੌਜਵਾਨ ਵਿਦਿਆਰਥੀ ਚੇਤਨਾ ਮੁਹਿੰਮ ਦੀ ਸ਼ੁਰੂਆਤ ਮੌਕੇ
ਬਠਿੰਡੇ 'ਚ ਇਕੱਤਤਾ ਅਤੇ ਮਾਰਚ
ਵੋਟਾਂ ਦੀ ਘੜਮੱਸ 'ਚ ਅਸਲ ਨੌਜਵਾਨ ਵਿਦਿਆਰਥੀ ਮੁੱਦੇ ਉਭਾਰਨ ਦਾ ਹੋਕਾ

ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਲੋਕ ਸਭਾ ਚੋਣਾਂ ਦੌਰਾਨ ਨੌਜਵਾਨ-ਵਿਦਿਆਰਥੀ ਮਸਲੇ ਉਭਾਰਨ ਲਈ 'ਨੌਜਵਾਨ-ਵਿਦਿਆਰਥੀ ਚੇਤਨਾ ਮੁਹਿੰਮ' ਚਲਾਉਣ ਦਾ ਐਲਾਨ ਕੀਤਾ ਗਿਆ। ਮੁਹਿੰਮ ਦੀ ਸ਼ੁਰੂਆਤ ਮੌਕੇ ਅੱਜ ਦੋਹਾਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨਾਂ ਦੀ ਸੂਬਾਈ ਇਕੱਤਰਤਾ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ ਜਿਸ ਵਿੱਚ ਬਠਿੰਡਾ, ਮੁਕਤਸਰ, ਮੋਗਾ, ਸੰਗਰੂਰ, ਫਰੀਦਕੋਟ ਤੇ ਲੁਧਿਆਣਾ ਆਦਿ ਜ਼ਿਲਿ•ਆਂ ਤੋਂ ਸਰਗਰਮ ਕਾਰਕੁੰਨ ਸ਼ਾਮਲ ਹੋਏ। ਅਖੀਰ ਤੇ ਕਾਰਕੁੰਨਾਂ ਵੱਲੋਂ ਬਠਿੰਡਾ ਸ਼ਹਿਰ ਦੀਆਂ ਸੜਕਾਂ 'ਤੇ ਮਾਰਚ ਵੀ ਕੀਤਾ ਗਿਆ।


ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਲੱਗੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਨੌਜਵਾਨ ਸ਼ਕਤੀ ਦੇ ਨਕਲੀ ਹੋਕਰੇ ਮਾਰੇ ਜਾ ਰਹੇ ਹਨ ਜਦਕਿ ਸਭਨਾਂ ਪਾਰਟੀਆਂ ਵੱਲੋਂ ਨੌਜਵਾਨਾਂ-ਵਿਦਿਆਰਥੀਆਂ ਦੇ ਅਸਲ ਮੁੱਦੇ ਰੋਲ਼ੇ ਜਾ ਰਹੇ ਹਨ। ਹਰ ਨੌਜਵਾਨ ਲਈ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਸਭ ਤੋਂ ਅਹਿਮ ਤੇ ਭਖਦਾ ਮੁੱਦਾ ਹੈ ਪਰ ਇਹ ਕਿਸੇ ਵੋਟ ਪਾਰਟੀ ਲਈ ਏਜੰਡਾ ਨਹੀਂ ਹੈ। ਸਭਨਾਂ ਪਾਰਟੀਆਂ ਨੇ ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਲਾਗੂ ਕਰਦਿਆਂ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਖੋਹਣ ਦਾ ਰਾਹ ਫੜਿਆ ਹੈ। ਚੋਣਾਂ ਦੌਰਾਨ ਨੌਜਵਾਨਾਂ ਵਿਦਿਆਰਥੀਆਂ ਦੇ ਅਸਲ ਹੱਕੀ ਮੁੱਦੇ ਰੋਲ਼ ਕੇ, ਨਸ਼ਿਆਂ ਤੇ ਹੋਰਨਾਂ ਭਟਕਾਊ ਢੰਗਾਂ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤੇ ਸੌੜੇ ਸਿਆਸੀ ਮੰਤਵਾਂ ਲਈ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਦੋਹਾਂ ਜਥੇਬੰਦੀਆਂ ਨੇ ਨੌਜਵਾਨਾਂ-ਵਿਦਿਆਰਥੀਆਂ ਨੂੰ ਪਾਰਟੀਆਂ ਦੀਆਂ ਭਟਕਾਊ ਚਾਲਾਂ ਤੋਂ ਸੁਚੇਤ ਕਰਨ, ਆਪਣੇ ਅਸਲ ਮੁੱਦਿਆਂ ਦੀ ਪਛਾਣ ਕਰ, ਚੋਣਾਂ ਦੌਰਾਨ ਉਭਾਰਨ ਤੇ ਸੰਘਰਸ਼ ਦੀ ਤਿਆਰੀ ਕਰਨ ਦਾ ਹੋਕਾ ਦੇਣ ਲਈ 24 ਫ਼ਰਵਰੀ ਤੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 23 ਮਾਰਚ ਤੱਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਉਨ•ਾਂ ਸ਼ਾਮਲ ਹੋਏ ਸਭਨਾਂ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਮਹੀਨਾ ਭਰ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਉਹ ਤਨਦੇਹੀ ਨਾਲ ਸ਼ਾਮਲ ਹੋਣ। ਉਹਨਾਂ ਕਿਹਾ ਕਿ ਜਿੱਥੇ ਸਭਨਾਂ ਨੌਜਵਾਨਾਂ ਨੂੰ ਅਹਿਮ ਤੇ ਫੌਰੀ ਮੁੱਦਿਆਂ ਤੇ ਜਾਗਰੂਕ ਕਰਦਿਆਂ ਇਹਨਾਂ ਦੇ ਹੱਲ ਲਈ ਸੰਘਰਸ਼ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਜਾਵੇਗਾ, ਉਥੇ ਸੰਘਰਸ਼ਸ਼ੀਲ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਹੱਲੇ ਦਾ ਰਲ਼ਕੇ ਟਾਕਰਾ ਕਰਨ ਦਾ ਹੋਕਾ ਵੀ ਦਿਤਾ ਜਾਵੇਗਾ।

ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਮੀਤ ਨੇ ਕਿਹਾ ਕਿ ਰੁਜ਼ਗਾਰ ਅੱਜ ਹਰ ਨੌਜਵਾਨ ਲਈ ਪਹਿਲੀ ਮੰਗ ਬਣਦੀ ਹੈ। ਉਨ•ਾਂ ਕਿਹਾ ਕਿ ਹਰ ਨੌਜਵਾਨ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦੇਣ, ਵੱਖ-ਵੱਖ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੇ ਕਦਮ ਵਾਪਸ ਲੈਣ, ਸਭਨਾਂ ਅਦਾਰਿਆਂ ਦੀਆਂ ਖਾਲੀ ਅਸਾਮੀਆਂ ਰੈਗੂਲਰ ਅਧਾਰ 'ਤੇ ਭਰਨ ਅਤੇ ਠੇਕਾ ਭਰਤੀ ਦੀ ਨੀਤੀ ਬੰਦ ਕਰਨ, ਭਰਤੀ ਪ੍ਰਕਿਰਿਆ ਦੌਰਾਨ ਟੈਸਟਾਂ ਤੇ ਹੋਰਨਾਂ ਢੰਗਾਂ ਰਾਹੀਂ ਬੇਰੁਜ਼ਗਾਰ ਨੌਜਵਾਨਾਂ ਦੀ ਲੁੱਟ ਤੇ ਖੱਜਲ ਖੁਆਰੀ ਬੰਦ ਕਰਨ, ਖੇਤੀ ਤੇ ਸਨਅਤ ਨੂੰ ਰੁਜ਼ਗਾਰ ਮੁਖੀ ਲੀਹਾਂ ਤੇ ਚਲਾਉਣ ਵਰਗੀਆਂ ਅਹਿਮ ਮੰਗਾਂ ਹਨ ਜਿਹੜੀਆਂ ਵੋਟ ਪਾਰਟੀਆਂ ਦੇ ਏਜੰਡੇ 'ਤੇ ਨਹੀਂ ਹਨ। ਇਹਨਾਂ ਮੰਗਾਂ ਪ੍ਰਤੀ ਜਾਗਰੂਕ ਹੋਣ ਤੇ ਸੰਘਰਸ਼ ਦੇ ਰਾਹ ਪੈਣ ਨਾਲ ਹੀ ਨੌਜਵਾਨਾਂ ਨੂੰ ਕੁੱਝ ਰਾਹਤ ਮਿਲ ਸਕਦੀ ਹੈ।
ਪੀ.ਐਸ.ਯੂ. (ਸ਼ਹੀਦ ਰੰਧਾਵ) ਦੇ ਸੂਬਾਈ ਕਨਵੀਰ ਸਰਬਜੀਤ ਮੌੜ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੇ ਕੇਂਦਰ ਦੀ ਕਾਂਗਰਸ ਸਰਕਾਰ ਦੋਹਾਂ ਨੇ ਹੀ ਸਿੱਖਿਆ ਦੇ ਖੇਤਰ 'ਚ ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਹਨ ਜਿਨ•ਾਂ ਦੇ ਸਿੱਟੇ ਵਜੋਂ ਸਿੱਖਿਆ ਦੇਸੀ ਵਿਦੇਸ਼ੀ ਕਾਰੋਬਾਰੀਆਂ ਲਈ ਮੁਨਾਫ਼ੇ ਦੇ ਸਾਧਨ 'ਚ ਤਬਦੀਲ ਹੋ ਗਈ ਹੈ। ਮਿਹਨਤਕਸ਼ ਲੋਕਾਂ ਦੇ ਧੀਆਂ ਪੁੱਤਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਉਨ•ਾਂ ਕਿਹਾ ਕਿ ਸਿੱਖਿਆ ਖੇਤਰ ਦੇ ਨਿੱਜੀਕਰਨ ਵਪਾਰੀਕਰਨ ਦੇ ਸਾਰੇ ਕਦਮ ਵਾਪਸ ਲੈਣ, ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੀਆਂ ਫ਼ੀਸਾਂ ਫੰਡ ਸਸਤੀ ਸਿੱਖਿਆ ਦੀ ਸੇਧ ਅਨੁਸਾਰ ਕਾਨੂੰਨੀ ਤੌਰ 'ਤੇ ਨਿਯਮਿਤ ਕਰਨ, ਪ੍ਰਾਈਵੇਟ ਯੂਨੀਵਰਸਿਟੀ ਐਕਟ ਰੱਦ ਕਰਨ ਤੇ ਸਿੱਖਿਆ ਬੱਜਟਾਂ 'ਚ ਵਾਧੇ ਕਰਨ ਵਰਗੀਆਂ ਅਹਿਮ ਮੰਗਾਂ ਵਿਦਿਆਰਥੀ ਵਰਗ ਨੂੰ ਪਹਿਚਾਣ ਕੇ ਸੰਘਰਸ਼ ਦਾ ਮੁੱਦਾ ਬਣਾਉਣੀਆਂ ਚਾਹੀਦੀਆਂ ਹਨ ਤੇ ਮੁਹਿੰਮ ਦੌਰਾਨ ਅਜਿਹੀਆਂ ਮੰਗਾਂ ਉਭਾਰੀਆਂ ਜਾਣਗੀਆਂ।
ਸਭਾ ਦੇ ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ ਘੁੱਦਾ ਨੇ ਕਿਹਾ ਕਿ ਮੁਹਿੰਮ ਦੌਰਾਨ ਪਿੰਡਾਂ ਤੇ ਵੱਖ ਵੱਖ ਵਿਦਿਅਕ ਸੰਸਥਾਵਾਂ ਵਿਚਲੇ ਹਜ਼ਾਰਾਂ ਨੌਜਵਾਨਾਂ ਤੱਕ ਪਹੁੰਚ ਕੀਤੀ ਜਾਵੇਗੀ। ਨੌਜਵਾਨ-ਵਿਦਿਆਰਥੀ ਮੰਗਾਂ ਨੂੰ ਮੀਟਿੰਗਾਂ, ਰੈਲੀਆਂ, ਨੁੱਕੜ ਨਾਟਕਾਂ, ਪੋਸਟਰਾਂ, ਕੰਧ ਨਾਅਰਿਆਂ, ਪ੍ਰਦਰਸ਼ਨੀਆਂ ਤੇ ਹਰ ਸੰਭਵ ਹਕਲ ਰਾਹੀਂ ਪ੍ਰਚਾਰਿਆਂ ਜਾਵੇਗਾ। ਇਸ ਮੌਕੇ ਦੋਹਾਂ ਜਥੇਬੰਦੀਆਂ ਵੱਲੋਂ ਮੁਹਿੰਮ ਦਾ ਸੱਦਾ ਦਿੰਦਾ ਕੰਧ-ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਦੋਹਾਂ ਜਥੇਬੰਦੀਆਂ ਦੇ ਸੂਬਾਈ ਆਗੂ ਕਰਮ ਰਾਮਾਂ, ਰਵਿੰਦਰ ਹੈਪੀ, ਸੰਦੀਪ ਸਿੰਘ, ਜਗਦੀਪ ਸਿੰਘ, ਕੁਲਦੀਪ ਕੌਰ ਤੇ ਗਗਨਦੀਪ ਛਾਜਲੀ ਹਾਜ਼ਰ ਸਨ।
ਵੱਲੋਂ — ਨੌਜਵਾਨ ਭਾਰਤ ਸਭਾ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)







No comments:

Post a Comment