Saturday 3 December 2011

ਬੇ-ਰੁਜ਼ਗਾਰ ਨੌਜਵਾਨ ਦੀ ਜੇਲ ਯਾਤਰਾ

ਇਕ ਬੇ-ਰੁਜ਼ਗਾਰ ਨੌਜਵਾਨ ਦੀ ਜੇਲ ਯਾਤਰਾ ਦਾ ਅਨੁਭਵ


ਟੀ.ਈ.ਟੀ. (ਅਧਿਆਪਕ ਯੋਗਤਾ ਟੈਸਟ) ਰੱਦ ਕਰਨ ਦੀ ਮੰਗ ਨੂੰ ਲੈ ਕੇ ਬੇ-ਰੁਜ਼ਗਾਰ ਅਧਿਆਪਕਾਂ ਦਾ ਅੰਦੋਲਨ ਤੇਜ਼ੀ ਫੜ• ਰਿਹਾ ਸੀ, ਮੈਂ ਵੀ ਇਸ ਅੰਦੋਲਨ ਦਾ ਹਿੱਸਾ ਸਾਂ। 28 ਜੂਨ ਨੂੰ ਬਠਿੰਡਾ 'ਚ ਕੀਤੇ ਜਾਣ ਵਾਲੇ ਐਕਸ਼ਨ ਨੂੰ ਪੁਲਿਸ ਨੇ ਅਸਫ਼ਲ ਕਰਨ ਲਈ ਗ੍ਰਿਫਤਾਰੀਆਂ ਦਾ ਚੱਕਰ ਚਲਾ ਦਿੱਤਾ ਸੀ। ਪੁਲਿਸ ਦੀਆਂ ਨਜ਼ਰਾਂ ਤੋਂ ਉਹਲੇ ਬਠਿੰਡੇ ਸ਼ਹਿਰ 'ਚ ਪਹੁੰਚੀਆਂ ਬੇ-ਰੁਜ਼ਗਾਰਾਂ ਦੀਆਂ ਕਈ ਟੋਲੀਆਂ ਇਕੋ ਦਮ ਤਿੰਨ ਕੋਣੀ 'ਤੇ ਇਕੱਠੀਆਂ ਹੋਈਆਂ ਤੇ ਜਾਮ ਲਗਾ ਦਿੱਤਾ। ਪੁਲਿਸ ਪਹੁੰਚੀ, ਗ੍ਰਿਫਤਾਰੀਆਂ ਕਰਨ ਲੱਗੀ। ਮੈਂ ਵੀ ਗ੍ਰਿਫਤਾਰ ਹੋਇਆ। ਦਿਆਲਪੁਰੇ ਥਾਣੇ 'ਚ ਪਹੁੰਚਿਆ ਜਿੱਥੇ ਪਹਿਲਾਂ ਬੰਦ ਨੌਜਵਾਨਾਂ ਨੇ ਨਾਅਰਿਆਂ ਨਾਲ ਸਾਡਾ ਸਵਾਗਤ ਕੀਤਾ। ਅਸੀਂ ਲਗਭਗ 100 ਦੀ ਗਿਣਤੀ 'ਚ ਸਾਂ। ਭਰਾਤਰੀ ਜਥੇਬੰਦੀ ਵਾਲਿਆਂ ਸਾਨੂੰ ਚਾਹ ਪਾਣੀ ਪਿਆਇਆ। ਏਥੋਂ ਤੱਕ ਤਾਂ ਮੈਂ ਹੌਂਸਲੇ 'ਚ ਰਿਹਾ ਪਰ ਜਦੋਂ ਰਾਤ ਨੂੰ 8:30 ਵਜੇ ਸਾਨੂੰ ਬਠਿੰਡਾ ਜੇਲ• 'ਚ ਬੰਦ ਕਰਨ ਲਈ ਲਿਆਏ ਤਾਂ ਮਨ ਕਾਫ਼ੀ ਡਰਿਆ ਹੋਇਆ ਸੀ। ਇਹ ਡਰ ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਤਿੱਖੇ ਰੋਹ ਦੇ ਸਾਹਮਣੇ ਤੋਂ ਉਪਜਿਆ ਸੀ। ਮੈਨੂੰ ਪਤਾ ਸੀ ਕਿ ਜੇਕਰ ਮੈਂ ਇਕ ਵਾਰੀ ਜੇਲ• ਚਲਾ ਗਿਆ ਤਾਂ ਮੇਰੇ ਤਾਇਆ ਜੀ, ਪਾਪਾ, ਵੱਡੇ ਭਰਾ ਨੇ ਅਗਾਂਹ ਤੋਂ ਸੰਘਰਸ਼ਾਂ 'ਚ ਸ਼ਮੂਲੀਅਤ 'ਤੇ ਪਾਬੰਦੀ ਲਾ ਦੇਣੀ ਹੈ। ਘਰੋਂ ਮੇਰੇ ਬਾਈਕਾਟ ਵਰਗੀ ਹਾਲਤ ਬਣ ਜਾਣੀ ਹੈ। ਪਹਿਲਾਂ ਹੀ ਬਿਮਾਰ ਰਹਿੰਦੀ ਮੇਰੀ ਮਾਤਾ ਨੇ ਹੋਰ ਵੀ ਬਿਮਾਰ ਹੋ ਜਾਣਾ ਹੈ। ਅਜਿਹੀ ਹਾਲਤ 'ਚ ਮੇਰਾ ਮਨ ਜੇਲ• ਬਾਹਰੋਂ (ਗੇਟ ਤੋਂ ਹੀ) ਖਿਸਕ ਜਾਣ ਨੂੰ ਕਰਿਆ, ਮੌਕਾ ਵੀ ਸੀ, ਪਰ ਨਾਲ ਹੀ ਇਹ ਸਾਥੀਆਂ ਨਾਲ ਵਿਸ਼ਵਾਸਘਾਤ ਜਾਪਿਆ, ਆਪਣੇ ਆਪ ਤੋਂ ਘਿਣ ਜਿਹੀ ਆਈ ਤੇ ਲੱਗਿਆ ਕਿ ਹੁਣ ਹੀ ਤਾਂ ਚੰਗੇ ਸਫ਼ਰ ਦੀ ਸ਼ੁਰੂਆਤ ਹੋ ਰਹੀ ਹੈ ਇਹਦਾ ਸ਼ੁਰੂ 'ਚ ਗਲਾ ਕਿਉਂ ਘੁੱਟ ਦੇਈਏ? ਮੈਂ ਇਕ ਦੋਸਤ ਨੂੰ ਫੋਨ ਕਰ ਕੇ ਕਿਹਾ ਕਿ ਸਾਡੇ ਘਰੇ ਫੋਨ 'ਤੇ ਦੱਸ ਦੇਵੇ ਕਿ ਮੈਂ ਸ਼ਿਮਲੇ ਘੁੰਮਣ ਜਾ ਰਿਹਾ, ਕੁੱਝ ਦਿਨਾਂ ਤੱਕ ਆਵਾਂਗਾ, ਪ੍ਰੋਗਰਾਮ ਮੌਕੇ 'ਤੇ ਹੀ ਬਣਿਆ ਹੈ।
ਫਿਰ ਜੇਲ• ਅੰਦਰ ਰਹਿਣ ਦਾ ਅਨੁਭਵ ਸ਼ੁਰੂ ਹੋਇਆ। ਅਸੀਂ ਸਾਰੇ ਬੇ-ਰੁਜ਼ਗਾਰ ਇੱਕੋ ਵਾਰਡ 'ਚ ਤਬਦੀਲ ਕਰ ਦਿੱਤੇ ਗਏ, ਸੰਘਰਸ਼ ਦੀਆਂ ਸਲਾਹਾਂ ਹੋਈਆਂ ਅਸੀਂ ਸਮੂਹਿਕ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ। ਨਾਅਰੇ ਗੂੰਜਣ ਲੱਗੇ, ਖਾਣਾ ਵਾਪਸ ਮੁੜਨ ਲੱਗਿਆ, ਬਾਹਰੋਂ ਭੇਜੇ ਜਾ ਰਹੇ ਫਲ਼ ਅਤੇ ਹੋਰ ਸਾਮਾਨ ਲੈਣੋਂ ਇਨਕਾਰ ਕਰ ਦਿੱਤਾ ਗਿਆ। ਇਸ ਸਥਿਤੀ 'ਚ ਸਾਨੂੰ ਸਭਨਾਂ ਨੂੰ ਸ਼ਹੀਦ ਭਗਤ ਸਿੰਘ ਯਾਦ ਆ ਰਿਹਾ ਸੀ। ਭਗਤ ਸਿੰਘ ਦੀਆਂ ਗੱਲਾਂ ਚੱਲ ਰਹੀਆਂ ਸਨ, ਹਰ ਇੱਕ ਨੌਜਵਾਨ ਆਪਣੇ ਆਪ ਨੂੰ ਭਗਤ ਸਿੰਘ ਦੇ ਸਾਥੀਆਂ ਵਰਗੀ ਭਾਵਨਾ 'ਚ ਰੰਗਿਆ ਹੋਇਆ ਪਾ ਰਿਹਾ ਸੀ।
ਏਥੇ ਹੋਈਆਂ ਰੈਲੀਆਂ, ਮੀਟਿੰਗਾਂ ਨੇ ਮੈਨੂੰ ਲੋਹੜੇ ਦਾ ਹੌਂਸਲਾ ਦਿੱਤਾ, ਮੈਂ ਆਪਣੇ ਨਾਲ ਦੇ ਸਾਥੀਆਂ ਅਤੇ ਆਗੂਆਂ ਤੋਂ ਬਹੁਤ ਮੁੱਲਵਾਨ ਵਿਚਾਰ ਗ੍ਰਹਿਣ ਕੀਤੇ। ਮੈਂ ਬੇਹੱਦ ਉਤਸ਼ਾਹ 'ਚ ਵਿਚਰਿਆ ਪਰ ਨਾਲ ਹੀ ਘਰਦਿਆਂ ਨੂੰ ਪਤਾ ਲੱਗਣ ਦਾ ਡਰ ਵੀ ਸਤਾਉਂਦਾ ਰਿਹਾ। ਇਕ ਦਿਨ ਮੈਨੂੰ ਮੁਲਾਕਾਤ ਲਈ ਆਵਾਜ਼ ਪਈ। ਮੈਂ ਸੋਚਿਆ ਕਿ ਕੋਈ ਦੋਸਤ ਆਇਆ ਹੋਊ। ਜਦੋਂ ਗਿਆ ਤਾਂ ਸਾਹਮਣੇ ਜਾਲੀ ਦੇ ਦੂਜੇ ਪਾਸੇ ਮੇਰੇ ਤਾਇਆ ਜੀ ਤੇ ਤਾਈ ਜੀ ਖੜ•ੇ ਸਨ। ਮੈਨੂੰ ਵੇਖ ਕੇ ਹੱਸਦੇ ਰਹੇ। ਮੈਂ ਡਰਦਾ ਜਿਹਾ ਰਿਹਾ ਪਰ ਤਾਇਆ ਜੀ ਦੇ ਬੋਲਾਂ ਨੇ ਮੇਰਾ ਡਰ ਨਿਰਮੂਲ ਕਰ ਦਿੱਤਾ। ਉਹਨਾਂ ਮੈਨੂੰ ਸਾਬਾਸ਼ ਦੇ ਕੇ ਕਿਹਾ ''ਤੇਰੇ ਦਾਦੇ ਪੜਦਾਦਿਆਂ 'ਚੋਂ ਕੋਈ ਜੇਲ• ਨੀ ਗਿਆ, ਤੂੰ ਪਹਿਲਾਂ ਆਪਣੇ ਖਾਨਦਾਨ 'ਚੋਂ ਪਰ ਤੂੰ ਚੰਗੇ ਕੰਮ ਲਈ ਗਿਆਂ, ਘਬਰਾਈ ਨਾਂ।'' ਮੈਂ ਹੈਰਾਨ ਸੀ ਕਿ ਇਹ ਕੀ ਵਾਪਰ ਰਿਹਾ ਸੀ। 
ਫਿਰ ਮੇਰੇ ਮਾਤਾ ਜੀ ਆਏ। ਉਹਨਾਂ ਆਉਣ ਸਾਰ ਸ਼ਿਮਲੇ ਦੀਆਂ ਠੰਡੀਆਂ ਹਵਾਵਾਂ ਤੇ ਮੇਰੇ ਟੂਰ ਦੀ ਸਫਲਤਾ ਬਾਰੇ ਪੁੱਛਿਆ। ਮੇਰੇ ਲਈ ਕੇਲੇ ਤੇ ਹੌਂਸਲਾ ਦੇ ਕੇ ਗਏ। ਪਾਪਾ ਦੇ ਗੁੱਸੇ ਦੀ ਪ੍ਰਵਾਹ ਨਾ ਕਰਨ ਲਈ ਕਹਿ ਗਏ।
ਇਉਂ ਅਗਲੇ ਦਿਨਾਂ 'ਚ ਮੈਂ ਪੂਰੇ ਉਤਸ਼ਾਹ ਨਾਲ ਜੇਲ• ਵਿੱਚ ਹੁੰਦੀਆਂ ਰੈਲੀਆਂ 'ਚ ਸ਼ਾਮਿਲ ਹੋਇਆ। 4 ਕੁ ਦਿਨ ਬਾਅਦ ਸਾਨੂੰ ਰਿਹਾਅ ਕਰ ਦਿੱਤਾ ਗਿਆ। ਆਪਣਾ ਸਮਾਨ ਮੋਢੇ ਲਟਕਾਈ ਵਾਪਸ ਆਉਂਦਾ ਮੈਂ ਸੋਚ ਰਿਹਾ ਸੀ ਕਿ ਹਕੂਮਤਾਂ ਨੇ ਹਾਲਾਤ ਹੀ ਅਜਿਹੇ ਪੈਦਾ ਕਰ ਦਿੱਤੇ ਹਨ ਕਿ ਸਾਡੇ ਵਰਗੇ 'ਸਾਊਆਂ ਦੇ ਟੱਬਰ' ਦੇ ਮੁੰਡੇ ਲਈ ਜੇਲ• ਜਾਣਾ ਹੁਣ ਵੱਡੇ ਰੌਲ਼ੇ ਦਾ ਮਸਲਾ ਨਹੀਂ ਹੈ ਸਗੋਂ ਜਿੰਨ•ਾਂ ਨੇ ਕਈ ਪੁਸ਼ਤਾਂ ਜੇਲ• ਜਾਣ ਬਾਰੇ ਸੋਚਿਆ ਤੱਕ ਨਹੀਂ ਉਹ ਵੀ ਸ਼ਾਬਾਸ਼ ਦੇ ਰਹੇ ਹਨ। ਸਭਨਾਂ ਸਾਊ ਲੋਕਾਂ ਸਿਰ ਸੰਘਰਸ਼ ਮੜਿ•ਆ ਜਾ ਰਿਹਾ ਹੈ। ਜ਼ਮਾਨਾ ਬਦਲ ਰਿਹਾ ਹੈ, ਮਾਪੇ ਪੁੱਤਾਂ ਦੇ ਜੇਲ• ਜਾਣ 'ਤੇ ਮਾਣ ਮਹਿਸੂਸ ਕਰਨ ਲੱਗੇ ਹਨ। ਮਾਵਾਂ ਹੌਂਸਲਾ ਦੇ ਕੇ ਪੁੱਤਾਂ ਨੂੰ ਚੜ•ਦੀ ਕਲਾ 'ਚ ਰੱਖਦੀਆਂ ਹਨ।
ਇਸ ਪੂਰੇ ਘਟਨਾਕ੍ਰਮ ਦੀ ਮੇਰੇ ਲਈ ਬੇਹੱਦ ਮਹੱਤਤਾ ਹੈ ਜੀਹਨੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਇਕੱਲੇ ਇਕੱਲੇ ਕੋਸ਼ਿਸ਼ਾਂ ਕਰਨ ਦੀ ਥਾਂ ਸਮੂਹਿਕ ਤੌਰ 'ਤੇ ਯਤਨ ਜਟਾਉਣ ਦੇ ਰਾਹ 'ਚ ਭਰੋਸਾ ਜਗਾਇਆ ਹੈ। ਜ਼ਿੰਦਗੀ ਦੇ ਨਵੇਂ ਰਾਹਾਂ ਦੇ ਬੂਹੇ ਖੋਲ• ਦਿੱਤੇ ਹਨ।
ਕੁਲਵਿੰਦਰ ਸਿੰਘ, ਚੁੱਘੇ ਕਲਾਂ

No comments:

Post a Comment