Monday 19 December 2011

ਜੂਝਦੇ ਬੇਰੁਜ਼ਗਾਰ ਨੌਜਵਾਨਾਂ ਦੇ ਸੰਘਰਸ਼ਾਂ ਦੀ ਹਮਾਇਤ


ਰੁਜ਼ਗਾਰ ਪ੍ਰਾਪਤੀ ਲਈ ਜੂਝਦੇ ਬੇਰੁਜ਼ਗਾਰ ਨੌਜਵਾਨਾਂ ਦੇ ਸੰਘਰਸ਼ਾਂ ਦੀ ਹਮਾਇਤ
ਨੌਜਵਾਨ ਭਾਰਤ ਸਭਾ ਨੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਭਨਾਂ ਬੇ-ਰੁਜ਼ਗਾਰ ਨੌਜਵਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ ਅਤੇ ਅਕਾਲੀ ਭਾਜਪਾ ਹਕੂਮਤ ਵੱਲੋਂ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਦੀ ਥਾਂ ਜਬਰ ਢਾਹੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਨੌਜਵਾਨ ਭਾਰਤ ਸਭਾ ਦੇ ਬਠਿੰਡਾ ਖੇਤਰ ਵਿਚਲੇ ਸਰਗਰਮ ਕਾਰਕੁੰਨਾਂ ਦੀ ਮੀਟਿੰਗ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵੱਲੋਂ ਵੱਖ-ਵੱਖ ਖੇਤਰਾਂ 'ਚ ਕੀਤੀ ਜਾ ਰਹੀ ਰੁਜ਼ਗਾਰ ਪ੍ਰਾਪਤੀ ਦੀ ਜੱਦੋਜਹਿਦ ਪੂਰੀ ਤਰ•ਾਂ ਹੱਕੀ ਅਤੇ ਵਾਜਬ ਹੈ ਅਤੇ ਲੋਕਾਂ ਦੇ ਸਭਨਾਂ ਹਿੱਸਿਆਂ ਵੱਲੋਂ ਹਮਾਇਤ ਦੀ ਹੱਕਦਾਰ ਹੈ। ਪੱਕਾ ਅਤੇ ਸਥਾਈ ਰੁਜ਼ਗਾਰ ਸਭਨਾਂ ਨੌਜਵਾਨਾਂ ਦਾ ਬੁਨਿਆਦੀ ਹੱਕ ਹੈ। ਪਰ ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਲਾਗੂ ਕਰਨ ਦੇ ਰਾਹ ਪਈ ਅਕਾਲੀ-ਭਾਜਪਾ ਹਕੂਮਤ ਵੱਲੋਂ ਇਹ ਹੱਕ ਪੂਰੀ ਤਰ•ਾਂ ਖੋਹਿਆ ਜਾ ਰਿਹਾ ਹੈ। ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਜਾਂ ਨਿੱਜੀ ਹੱਥਾਂ 'ਚ ਵੇਚਣ ਦੇ ਚੁੱਕੇ ਜਾ ਰਹੇ ਕਦਮ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਦਾ ਖਾਤਮਾ ਕਰ ਰਹੇ ਹਨ। ਸਿੱਖਿਆ, ਸਿਹਤ, ਬਿਜਲੀ, ਆਵਾਜਾਈ ਵਰਗੇ ਅਹਿਮ ਖੇਤਰਾਂ ਦੇ ਦੇਸੀ ਵੱਡੇ ਧਨਾਢਾਂ ਅਤੇ ਬਹੁਕੌਮੀ ਕੰਪਨੀਆਂ ਦੇ ਮੁਨਾਫੇ ਲਈ ਖੁੱਲਣ ਸਦਕਾ, ਰੈਗੂਲਰ ਰੁਜ਼ਗਾਰ ਦੇ ਬੂਹੇ ਤਾਂ ਉਂਝ ਹੀ ਬੰਦ ਕੀਤੇ ਜਾ ਰਹੇ ਹਨ। ਨਿਗੂਣੀਆਂ ਤਨਖਾਹਾਂ ਅਤੇ ਠੇਕਾ ਭਰਤੀ ਦੀ ਨੀਤੀ ਮੜ•ੀ ਜਾ ਰਹੀ ਹੈ। ਭਾਰੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਮਜ਼ਬੂਰੀ ਵੱਸ ਅਜਿਹੇ ਰੁਜ਼ਗਾਰ ਦੇ ਮੌਕਿਆਂ ਨੂੰ ਸਵੀਕਾਰ ਕਰਨਾ ਪੈ ਰਿਹਾ ਹੈ। ਇੱਕ ਪਾਸੇ ਸਾਰੇ ਅਹਿਮ ਸਰਕਾਰੀ ਅਦਾਰੇ ਅਸਾਮੀਆਂ ਦੀ ਭਾਰੀ ਤੋਟ ਦਾ ਸਾਹਮਣਾ ਕਰ ਰਹੇ ਹਨ ਤੇ ਲੋਕ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਰਹਿ ਰਹੇ ਹਨ ਅਤੇ ਦੂਜੇ ਪਾਸੇ ਆਏ ਦਿਨ ਪੰਜਾਬ ਭਰ 'ਚ ਹਜ਼ਾਰਾਂ ਨੌਜਵਾਨ ਡਿਗਰੀਆਂ ਚੁੱਕੀ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਪਰ ਹਕੂਮਤ ਰੁਜ਼ਗਾਰ ਦੀ ਥਾਂ ਨੌਜਵਾਨਾਂ 'ਤੇ ਅੰਨ•ਾਂ ਜਬਰ ਢਾਹ ਰਹੀ ਹੈ। ਡਾਂਗਾ ਵਰ•ਾ ਰਹੀ ਹੈ, ਜੇਲ•ਾਂ 'ਚ ਸੁੱਟ ਰਹੀ ਹੈ, ਝੂਠੇ ਕੇਸ ਪਾ ਰਹੀ ਹੈ।
ਨੌਕਰੀਆਂ ਸਰਕਾਰ ਨੂੰ ਖਜ਼ਾਨੇ 'ਤੇ ਬੋਝ ਜਾਪਦੀਆਂ ਹਨ ਅਤੇ ਖਜ਼ਾਨਾ ਖਾਲੀ ਹੋਣ ਦਾ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ। ਇਹ ਖਜ਼ਾਨਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਲੋਕਾਂ ਨੂੰ ਹੋਰ ਸਹੂਲਤਾਂ ਦੇਣ ਮੌਕੇ 'ਖਾਲੀ' ਹੁੰਦਾ ਹੈ ਜਦੋਂਕਿ ਵੱਡੇ ਧਨਾਢਾਂ ਨੂੰ ਟੈਕਸ ਛੋਟਾਂ ਅਤੇ ਹੋਰ ਰਿਆਇਤਾਂ ਦੇ ਗੱਫੇ ਦੇਣ ਮੌਕੇ ਭਰਿਆ ਹੁੰਦਾ ਹੈ। ਮੰਤਰੀਆਂ ਅਤੇ ਅਫਸਰਸ਼ਾਹੀ ਦੇ ਐਸ਼ ਆਰਾਮ ਲਈ ਡੁੱਲ•-ਡੁੱਲ• ਪੈਂਦਾ ਹੈ। ਸਰਕਾਰ ਦੀ 'ਪ੍ਰਾਪਤੀ' ਦੇ ਸੋਹਲੇ ਗਾਉਣ ਲਈ ਵਹਾਇਆ ਜਾਂਦਾ ਹੈ।
ਰੁਜ਼ਗਾਰ ਪ੍ਰਾਪਤੀ ਲਈ ਸਭਨਾਂ ਬੇ-ਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਕੈਟਾਗਰੀਆਂ 'ਚ ਵੰਡੇ ਰਹਿਣ ਦੀ ਥਾਂ ਵਿਸ਼ਾਲ ਏਕਤਾ ਕਰਕੇ ਸੰਘਰਸ਼ ਕਰਨਾ ਚਾਹੀਦਾ ਹੈ। ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਸਭਨਾਂ ਮਹਿਕਮਿਆਂ 'ਚ ਖਾਲੀ ਪੋਸਟਾਂ ਭਰਨ ਅਤੇ ਹੋਰ ਪੋਸਟਾਂ ਪੈਦਾ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਮੀਤ ਨੇ ਕਿਹਾ ਕਿ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਨਿੱਤਰ ਰਹੀਆਂ ਹਾਕਮ ਜਮਾਤੀ ਪਾਰਟੀਆਂ ਕੋਲ ਨੌਜਵਾਨਾਂ ਦੇ ਰੁਜ਼ਗਾਰ ਦਾ ਇੰਤਜ਼ਾਮ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਸਗੋਂ ਸਭਨਾਂ ਦੀ ਰੁਜ਼ਗਾਰ ਦਾ ਉਜਾੜਾ ਕਰਨ ਵਾਲੀਆਂ ਨਿੱਜੀਕਰਨ ਸੰਸਾਰੀਕਰਨ ਦੀਆਂ ਨੀਤੀਆਂ 'ਤੇ ਇੱਕਮੱਤਤਾ ਹੈ। ਇਹ ਪਾਰਟੀਆਂ ਚੋਣਾਂ 'ਚ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਸੌੜੇ ਮੰਤਵਾਂ ਲਈ ਵਰਤਦੀਆਂ ਆ ਰਹੀਆਂ ਹਨ। ਨਸ਼ੇ ਵਰਤਾ ਕੇ, ਜਾਂ ਹੋਰ ਨਿੱਕੇ-ਨਿੱਕੇ ਲਾਲਚ ਰਾਹੀਂ ਨੌਜਵਾਨਾਂ ਨੂੰ ਆਪਣੇ ਮਗਰ ਧੂੰਹਦੀਆਂ ਹਨ, ਗੁੰਮਰਾਹ ਕਰਕੇ ਆਪਣੇ ਲੱਠਮਾਰ ਗਰੋਹਾਂ ਦਾ ਅੰਗ ਬਣਾਉਦੀਆਂ ਹਨ। ਨੌਜਵਾਨਾਂ ਦੀ ਏਕਤਾ ਖਿੰਡਾਉਂਦੀਆਂ ਹਨ। ਇਸ ਲਈ ਨੌਜਵਾਨਾਂ ਨੂੰ ਇਹਨਾਂ ਤੋਂ ਬਚਦਿਆਂ ਆਪਣੀ ਤਾਕਤ ਜੋੜਨੀ ਚਾਹੀਦੀ ਹੈ, ਵਿਸ਼ਾਲ ਏਕਤਾ ਉਸਾਰਨੀ ਚਾਹੀਦੀ ਹੈ, ਰੁਜ਼ਗਾਰ ਪ੍ਰਾਪਤੀ ਅਤੇ ਆਪਣੇ ਬਿਹਤਰ ਭਵਿੱਖ ਲਈ ਸੰਘਰਸ਼ਾਂ ਦਾ ਝੰਡਾ ਚੁੱਕਣਾ ਚਾਹੀਦਾ ਹੈ। ਸੰਘਰਸ਼ ਰਾਹੀਂ ਹੀ ਕੁਝ ਹਾਸਲ ਹੋ ਸਕਦਾ ਹੈ। ਵੋਟ ਪਾਰਟੀਆਂ ਤੋਂ ਭਲੇ ਦੀ ਆਸ ਮੁਕਾਉਣੀ ਚਾਹੀਦੀ ਹੈ। 
ਉਹਨਾਂ ਅੱਗੇ ਕਿਹਾ ਕਿ ਬਠਿੰਡਾ ਵਿਖੇ 25 ਦਸੰਬਰ ਨੂੰ ਅਠ•ਾਰਾਂ ਮੁਲਾਜ਼ਮ, ਮਜ਼ਦੂਰ, ਕਿਸਾਨ ਜੱਥੇਬੰਦੀਆਂ ਵੱਲੋਂ ਇੱਕਜੁਟ ਹੋ ਕੇ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਹੋਰਨਾਂ ਮੰਗਾਂ ਤੋਂ ਇਲਾਵਾ ਪੂਰੀ ਤਨਖਾਹ, ਰੈਗੂਲਰ ਰੁਜ਼ਗਾਰ ਅਤੇ ਬੇਰੁਜ਼ਗਾਰੀ 
ਖ਼ਤਮ ਕਰਨ ਦੀ ਮੰਗ ਵੀ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ ਨੌਜਵਾਨਾਂ ਦਾ ਜੱਥਾ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗਾ। ਇਸ ਮੀਟਿੰਗ 'ਚ ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ ਅਤੇ ਸੰਗਤ ਇਲਾਕੇ ਦੇ ਸਕੱਤਰ ਜਗਮੀਤ ਸਿੰਘ ਵੀ ਹਾਜ਼ਰ ਸਨ।                
                                         ਜਾਰੀ ਕਰਤਾ –
 ਪਾਵੇਲ ਕੁੱਸਾ, ਸੂਬਾ ਜੱਥੇਬੰਦਕ  ਸਕੱਤਰ
                                                ਨੌਜਵਾਨ ਭਾਰਤ ਸਭਾ।

2 comments:

  1. ਇਸ ਪ੍ਰਦਰਸ਼ਨ ਵਿੱਚ ਹੋਰਨਾਂ ਮੰਗਾਂ ਤੋਂ ਇਲਾਵਾ ਪੂਰੀ ਤਨਖਾਹ, ਰੈਗੂਲਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਕਰਨ ਦੀ ਮੰਗ ਵੀ ਕੀਤੀ ਜਾ ਰਹੀ----shayad es waak ch'kuch galti hai, kripya theek kar ditta jaave...


    25 dec nu jarur haazir howange..

    ReplyDelete
  2. ਗ਼ਲਤੀ ਧਿਆਨ 'ਚ ਲਿਆਉਣ ਲਈ ਸ਼ੁਕਰੀਆ ਜਨਾਬ

    ReplyDelete