Wednesday 25 November 2015

6. ਇਤਿਹਾਸ ਦੇ ਸਿਆਹ ਪੰਨੇ



ਇਤਿਹਾਸ ਦੇ ਸਿਆਹ ਪੰਨੇ

ਭਿੰਡਰਾਂਵਾਲੇ ਦਾ ਉਭਾਰ ਤੇ ਕਪਟੀ ਕਾਂਗਰਸੀ ਨੀਤੀ

... ਪੰਜਾਬ ਅੰਦਰ ਇਸ ਪਿਛਾਖੜੀ ਤੇ ਲੋਕ ਵਿਰੋਧੀ ਨੀਤੀ ਨੇ ਆਪਣੇ-ਆਪ ਨੂੰ ਸੱਤਾ ਦੀ ਖੋਹ-ਖਿੰਝ ਵਿੱਚ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕਣ ਲਈ ਸਿੱਖ ਫਿਰਕੂ ਅੱਤਵਾਦ ਨੂੰ ਭੜਕਾਉਣ ਦੀਆਂ ਖਤਰਨਾਕ ਚਾਲਾਂ ਦੇ ਰੂਪ ਵਿੱਚ ਸਾਹਮਣੇ ਲਿਆਂਦਾ। ਕਾਂਗਰਸੀ ਖੇਮੇ ਵੱਲੋਂ ਸੰਤ ਭਿੰਡਰਾਂਵਾਲੇ ਨੂੰ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਮੁਕਾਬਲੇ ਸੱਤਾ ਦੇ ਕੇਂਦਰ ਦੇ ਰੂਪ ਵਿੱਚ ਉਭਾਰਨ ਦੀ ਪੂਰੀ ਵਾਹ ਲਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵਾਇਤੀ ਅਕਾਲੀਆਂ ਤੋਂ ਕੰਟਰੋਲ ਖੋਹਣ ਵਿੱਚ ਕਾਂਗਰਸ (ਆਈ) ਨੇ ਭਿੰਡਰਾਂਵਾਲੇ ਦੀ ਖੁੱਲੀ ਹਮਾਇਤ ਕੀਤੀ। ਮੋੜਵੇਂ ਰੂਪ ਵਿੱਚ, ਉਸਦੇ ਬੰਦਿਆਂ ਨੇ 1980 ਦੀਆਂ ਚੋਣਾਂ ਵਿੱਚ ਕਾਂਗਰਸ (ਆਈ) ਦੇ ਕਈ ਸਾਰੇ ਉਮੀਦਵਾਰਾਂ ਦੀ ਹਮਾਇਤ ਕੀਤੀ। ...
ਸਿੱਖ ਜਨਤਾ ਵਿੱਚ ਆਪਣੇ ਬਹੁਤ ਹੀ ਸੀਮਤ ਆਧਾਰ ਤੋਂ ਸ਼ੁਰੂਆਤ ਕਰਦਿਆਂ, ਭਿੰਡਰਾਂਵਾਲੇ ਨੇ ਹੌਲੀ ਹੌਲੀ ਆਪਣੀ ਖਾੜਕੂ ਦਿੱਖ, ਵਿਆਪਕ ਫਿਰਕੂ ਪ੍ਰਚਾਰ ਅਤੇ ਆਪਣੇ ਕਾਤਲੀ ਗਰੋਹਾਂ ਦੁਆਰਾ ਕੀਤੇ ਗਏ ਕਤਲਾਂ ਰਾਹੀਂ ਆਪਣੀ ਆਧਾਰ ਦਾ ਪਸਾਰਾ ਕੀਤਾ। ਉਹ ਨਿਰੰਕਾਰੀਆਂ ਅਤੇ ਹਿੰਦੂਆਂ ਦਾ ਸਫਾਇਆ ਕਰ ਦੇਣ ਦੇ ਧਮਕੀਆਂ ਭਰੇ ਭੜਕਾਊ ਫਿਰਕੂ ਭਾਸ਼ਣ ਦਿੰਦਾ ਸੀ। ਉਸਨੇ ਲਾਇਸੈਂਸੀ ਤੇ ਗੈਰ-ਲਾਇਸੈਂਸੀ ਹਥਿਆਰਾਂ ਦੇ ਬਹੁਤ ਵੱਡੇ ਜ਼ਖੀਰੇ ਦੀ ਨੁਮਾਇਸ਼ ਕਰਦੇ ਹੋਏ ਅਮ੍ਰਿਤਸਰ ਵਿੱਚ ਮੀਟ, ਸ਼ਰਾਬ ਤੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕਰਦੇ ਮੁਜ਼ਾਹਰੇ ਦੀ ਅਗਵਾਈ ਕੀਤੀ। ਇਸ ਮੁਜ਼ਾਹਰੇ ਨੇ ਹਿੰਦੂ ਭਾਈਚਾਰੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਉਹ ਆਪਣੇ ਚੇਲਿਆਂ ਵੱਲੋਂ ਕੀਤੇ ਕਤਲਾਂ ਦੀ ਜਨਤਕ ਤੌਰ ਤੇ ਸ਼ਲਾਘਾ ਕਰਦਾ ਸੀ। ਜਦੋਂ ਦਿੱਲੀ ਵਿੱਚ, ਨਿਰੰਕਾਰੀ ਮੁਖੀ ਬਾਬਾ ਗੁਰਬਚਨ ਸਿੰਘ ਦਾ ਕਤਲ ਹੋਇਆ ਤਾਂ ਉਸਨੇ ਕਾਤਲ ਨੂੰ ਸੋਨੇ ਨਾਲ ਤੋਲਣ ਦੀ ਪੇਸ਼ਕਸ਼ ਕੀਤੀ। ਉਹ ਵੱਡੀ ਸ਼ੇਖੀ ਮਾਰਦਿਆਂ ਕਿਹਾ ਕਰਦਾ ਸੀ ਕਿ ਹਿੰਦੂਆਂ ਦੇ ਮੁਕੰਮਲ ਸਫਾਏ ਲਈ ਇੱਕ ਸਿੱਖ ਦੇ ਹਿੱਸੇ ਸਿਰਫ਼ 35 ਹਿੰਦੂ ਆਉਂਦੇ ਹਨ। ਉਸ ਨੇ ਸਿੱਖ ਨੌਜਵਾਨਾਂ ਨੂੰ ‘‘ਹਿੰਦੂ ਰਾਜ’’ ਦੇ ਖਾਤਮੇ ਅਤੇ ‘‘ਗੁਲਾਮੀ ਦੀਆਂ ਕੜੀਆਂ ਤੋੜਨ’’ ਵਾਸਤੇ ਹਥਿਆਰਬੰਦ ਹੋਣ ਲਈ ਭੜਕਾਇਆ। ਇਨਾਂ ਅੱਗ ਉਗਲਦੇ ਭਾਸ਼ਣਾਂ ਦੇ ਬਾਵਜੂਦ, ਰਾਜ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਸਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ।
1981 ਵਿੱਚ ਭਿੰਡਰਾਂਵਾਲੇ ਦੇ ਚੇਲਿਆਂ ਨੇ ਪੰਜਾਬ ਦੇ ਇੱਕ ਅਖਬਾਰ ਸਮੂਹ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦਾ ਕਤਲ ਕਰ ਦਿੱਤਾ। ਦਰਜ ਹੋਈ ਐਫ. ਆਈ. ਆਰ. ਵਿੱਚ ਉਸਦਾ (ਭਿੰਡਰਾਂਵਾਲੇ ਦਾ) ਨਾਮ ਵੀ ਸੀ। ਪਰ ਉਸਨੂੰ ਕਾਫ਼ੀ ਸਮੇਂ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਬਾਅਦ ਵਿੱਚ ਉਸਨੂੰ ਆਪਣੀ ਗ੍ਰਿਫਤਾਰੀ ਦੇਣ ਲਈ ਸਮਾਂ, ਸਥਾਨ, ਢੰਗ ਅਤੇ ਸ਼ਰਤਾਂ ਤੈਅ ਕਰਨ ਦੀ ਇਜਾਜ਼ਤ ਦਿੱਤੀ ਗਈ। ਉਸਨੇ ਅਮ੍ਰਿਤਸਰ ਨੇੜੇ ਮਹਿਤਾ ਚੌਂਕ ਵਿੱਚ ਆਪਣੇ ਸ਼ਰਧਾਲੂਆਂ ਦਾ ਬਹੁਤ ਭਾਰੀ ਇਕੱਠ ਕਰਕੇ ਉਨਾਂ ਨੂੰ ਅੱਗ ਉਗਲਦੇ ਭਾਸ਼ਣ ਦੇ ਕੇ ਭੜਕਾਇਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਟਰੋਲ ਕਰਨ ਵਾਲੇ ਅਤੇ ਗਿਆਨੀ ਜੈਲ ਸਿੰਘ ਦੇ ਬਹੁਤ ਹੀ ਵਿਸ਼ਵਾਸਪਾਤਰ ਜਥੇਦਾਰ ਸੰਤੋਖ ਸਿੰਘ ਨੇ ਇਸ ਮੌਕੇ ਸਭ ਤੋਂ ਭੜਕਾਊ ਭਾਸ਼ਣ ਦਿੱਤਾ। ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਇਸ ਸਭ ਕੁਝ ਨੂੰ ਮੂਕ ਦਰਸ਼ਕ ਬਣੀ ਵੇਖਦੀ ਰਹੀ। ਜਦੋਂ ਭੀੜ ਦਾ ਗੁੱਸਾ ਭੜਕਿਆ ਤਾਂ ਪੁਲਸ ਨੇ ਫਾਇਰਿੰਗ ਕਰਨੀ ਤੇ ਲਾਠੀ ਵਰਾਉਣੀ ਸ਼ੁਰੂ ਕਰ ਦਿੱਤੀ। ਇੱਕ ਦਰਜਨ ਤੋਂ ਵੱਧ ਲੋਕ ਮਾਰੇ ਗਏ। ਭਿੰਡਰਾਂਵਾਲੇ ਨੂੰ ਪੁਲਸ ਹਿਰਾਸਤ ਵਿੱਚ ਲੈ ਲਿਆ ਗਿਆ, ਲੁਧਿਆਣੇ ਨੇੜੇ ਇੱਕ ਗੈਸਟ ਹਾਊਸ ਵਿੱਚ ਸਰਕਾਰੀ ਮਹਿਮਾਨਾਂ ਵਾਂਗ ਰੱਖਿਆ ਗਿਆ ਅਤੇ ਦਿਨਾਂ ਚ ਹੀ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸਨੂੰ ਸ਼੍ਰੀ ਹਰਮੰਦਰ ਸਾਹਿਬ ਵਿੱਚ ਸ਼ਰਨ ਲੈਣ ਅਤੇ ਕੰਪਲੈਕਸ ਵਿੱਚੋਂ ਆਪਣੇ ਕਾਤਲੀ ਗਰੋਹਾਂ ਦੀਆਂ ਕਾਰਵਾਈਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ।
ਭਿੰਡਰਾਂਵਾਲੇ ਦੀ ਦਿੱਖ ‘‘ਸਿੱਖਾਂ ਦੇ ਹੀਰੋ’’ ਦੇ ਰੂਪ ਵਿੱਚ ਉਭਾਰਨ ਵਾਲੇ ਮੁੱਖ ਕਾਰਨਾਂ ਵਿੱਚੋਂ ਇੱਕ ਕਾਂਗਰਸ (ਆਈ) ਖੇਮੇ ਵੱਲੋਂ ਉਸਨੂੰ ਸਿੱਧੇ ਤੇ ਅਸਿੱਧੇ ਰੂਪ ਵਿੱਚ ਹਮਾਇਤ ਦੇਣ ਦੀ ਨੀਤੀ ਸੀ। ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੱਕ ਇਹੋ ਨੀਤੀ ਵਰਤੀ ਜਾਂਦੀ ਰਹੀ ਸੀ।...
ਇਹ ਕਪਟੀ ਨੀਤੀ ਨਿਸ਼ਚਤ ਸਿਆਸੀ ਉਦੇਸ਼ਾਂ ਨੂੰ ਹਾਸਲ ਕਰਨ ਵੱਲ ਸੇਧਤ ਸੀ। ਭਿੰਡਰਾਂਵਾਲੇ ਨੂੰ ਸਿੱਖਾਂ ਦੇ ਪ੍ਰਸਿੱਧ ਆਗੂ ਵਜੋਂ ਅਤੇ ਉਸਨੂੰ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਮੁਕਾਬਲੇ ਦੇ ਸੱਤਾ-ਕੇਂਦਰ ਵਜੋਂ ਉਭਾਰ ਕੇ ਇੰਦਰਾ ਸਿੱਖ ਜਨਤਾ ਵਿੱਚੋਂ ਅਕਾਲੀ ਦਲ ਦਾ ਵੋਟ ਬੈਂਕ ਖ਼ਤਮ ਕਰਨਾ ਚਾਹੁੰਦੀ ਸੀ। ਦੂਜੇ, ਸਿੱਖ ਫਿਰਕੂ ਅੱਤਵਾਦ ਦੇ ਵਧਣ ਨਾਲ ਹਿੰਦੂ ਭਾਈਚਾਰੇ ਵਿੱਚ ਦਹਿਸ਼ਤ ਫੈਲ ਜਾਣੀ ਸੀ। ਜਿਸ ਨਾਲ ਅਕਾਲੀਆਂ ਦਾ ਹੋਰਨਾਂ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਬਣਾ ਸਕਣਾ ਲਗਭਗ ਨਾ-ਮੁਮਕਿਨ ਹੋ ਜਾਣਾ ਸੀ। ਇਸਦਾ ਮਕਸਦ ਪੰਜਾਬ ਦੇ ਦੋ ਮੁੱਖ ਧਾਰਮਿਕ ਫਿਰਕਿਆਂ ਦੀ ਰਵਾਇਤੀ ਭਾਈਚਾਰਕ ਸਾਂਝ ਨੂੰ ਤੋੜਨਾ ਅਤੇ ਧਰਮ-ਨਿਰਪੱਖ ਤੇ ਜਮਾਤ ਅਧਾਰਤ ਜਨਤਕ ਲਹਿਰਾਂ ਨੂੰ ਕਮਜ਼ੋਰ ਕਰਨਾ ਵੀ ਸੀ। ਖੌਫ਼ਜ਼ਦਾ ਅਤੇ ਤਹਿਕੇ ਹੇਠ ਆਏ ਹੋਏ ਹਿੰਦੂ ਭਾਈਚਾਰੇ ਨੂੰ ਬੇਬਸੀ ਦੇ ਆਲਮ ਵਿੱਚ ਧੱਕ ਦਿੱਤਾ ਜਾਣਾ ਸੀ ਅਤੇ ਸੁਰੱਖਿਆ ਦੀ ਉਮੀਦ ਵਿੱਚ ਪੰਜਾਬ ਦੀਆਂ ਦੋ ਮੁੱਖ ਸਿਆਸੀ ਪਾਰਟੀਆਂ ਵਿੱਚੋਂ ਇੱਕ ਕਾਂਗਰਸ (ਆਈ) ਵੱਲ ਜਾਣ ਲਈ ਮਜ਼ਬੂਰ ਕੀਤਾ ਜਾਣਾ ਸੀ।

“Bleeding Punjab: A Report to the Nation” ਪੁਸਤਕ ਚੋਂ

No comments:

Post a Comment