Wednesday 25 November 2015

14. ‘‘ਫ਼ਿਰਕੂ ਫ਼ਸਾਦ ਰੋਕਣ ਲਈ ਸ਼੍ਰੇਣੀ ਜਾਗ੍ਰਤੀ ਦੀ ਲੋੜ’’ ਭਗਤ ਸਿੰਘ



‘‘ਫ਼ਿਰਕੂ ਫ਼ਸਾਦ ਰੋਕਣ ਲਈ ਸ਼੍ਰੇਣੀ ਜਾਗ੍ਰਤੀ ਦੀ ਲੋੜ’’


ਲੋਕਾਂ ਨੂੰ ਆਪਸ ਵਿੱਚ ਲੜਨ ਤੋਂ ਰੋਕਣ ਲਈ ਸ਼੍ਰੇਣੀ ਜਾਗ੍ਰਤੀ ਦੀ ਲੋੜ ਹੈ। ਗਰੀਬਾਂ ਕਿਰਤੀਆਂ ਤੇ ਕਿਰਸਾਣਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਹਨਾਂ ਦੇ ਹੱਥ-ਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਤੇ ਇਨਾਂ ਦੇ ਹੱਥ ਤੇ ਚੜਕੇ ਕੁੱਛ ਨਹੀਂ ਕਰਨਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇੱਕੋ ਹੀ ਹਨ। ਤੁਹਾਡ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ ਨਸਲ ਅਤੇ ਕੌਮ ਤੇ ਮੁਲਕ ਦੇ ਭਿੰਨ ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਗਵਰਨਮੈਂਟ ਦੀ ਤਾਕਤ ਨੂੰ ਆਪਣੇ ਹੱਥ ਵਿੱਚ ਲੈਣ ਦੇ ਯਤਨ ਕਰੋ। ਇਹਨਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ਾ ਨਹੀਂ ਹੋਵੇਗਾ ਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਕ ਸੁਤੰਤਰਤਾ ਮਿਲ ਜਾਵੇਗੀ।
ਜਿਨਾਂ ਲੋਕਾਂ ਨੂੰ ਰੂਸ ਦੇ ਇਤਿਹਾਸ ਦਾ ਪਤਾ ਹੈ ਉਹ ਜਾਣਦੇ ਹਨ ਕਿ ਜ਼ਾਰ ਦੇ ਵੇਲੇ ਉਥੇ ਵੀ ਏਹੋ ਹਿੰਦੋਸਤਾਨ ਵਾਲੀ ਹਾਲਤ ਸੀ, ਉਥੇ ਵੀ ਕਿੰਨੇ ਹੀ ਫਿਰਕੇ ਸਨ ਜਿਹੜੇ ਆਪਸ ਵਿੱਚ ਛਿੱਤਰ-ਪੌਲਾ ਹੀ ਖੜਕਾਉਂਦੇ ਰਹਿੰਦੇ ਸਨ ਪਰ ਜਿਸ ਦਿਨ ਤੋਂ ਕਿਰਤੀ ਰਾਜ ਹੋਇਆ ਹੈ ਉਥੇ ਨਕਸ਼ਾ ਹੀ ਬਦਲ ਗਿਆ ਹੈ। ਹੁਣ ਉਥੇ ਕਦੇ ਫਸਾਦ ਹੋਏ ਹੀ ਨਹੀਂ, ਹੁਣ ਉਥੇ ਹਰ ਇੱਕ ਨੂੰ ਇਨਸਾਨਸਮਝਿਆ ਜਾਂਦਾ ਹੈ ਧਰਮੀਨਹੀਂ! ਜ਼ਾਰ ਦੇ ਵੇਲੇ ਲੋਕਾਂ ਦੀ ਆਰਥਕ ਦਸ਼ਾ ਬਹੁਤ ਹੀ ਭੈੜੀ ਸੀ। ਇਸ ਲਈ ਸਭ ਫਸਾਦ-ਝਗੜੇ ਹੁੰਦੇ ਸਨ। ਪਰ ਹੁਣ ਰੂਸੀਆਂ ਦੀ ਆਰਥਕ ਹਾਲਤ ਸੁਧਰ ਗਈ ਹੈ ਤੇ ਉਨ੍ਹਾਂ ਵਿੱਚ ਸ਼੍ਰੇਣੀ-ਜਾਗ੍ਰਤੀ ਘਰ ਕਰ ਗਈ ਹੈ ਇਸ ਲਈ ਉਥੇ ਹੁਣ ਤਾਂ ਕਦੇ ਕੋਈ ਫ਼ਸਾਦ ਸੁਣਨ ਵਿੱਚ ਹੀ ਨਹੀਂ ਆਏ।
ਇਹਨਾਂ ਫ਼ਸਾਦਾਂ ਵਿੱਚ ਉਂਝ ਤਾਂ ਬੜੇ ਦਿਲ ਢਾਹੁਣ ਵਾਲੇ ਸਮਾਚਾਰ ਸੁਣੇ ਜਾਂਦੇ ਹਨ ਪਰ ਕਲਕੱਤੇ ਦੇ ਫ਼ਸਾਦਾਂ ਵਿੱਚ ਇੱਕ ਗੱਲ ਬੜੀ ਖੁਸ਼ੀ ਵਾਲੀ ਸੁਣੀ ਗਈ ਸੀ। ਉਹ ਇਹ ਸੀ ਕਿ ਉਥੇ ਹੋਏ ਫ਼ਸਾਦਾਂ ਵਿੱਚ ਟਰੇਡ ਯੂਨੀਅਨਾਂ ਦੇ ਕਿਰਤੀਆਂ ਨੇ ਕੋਈ ਹਿੱਸਾ ਨਹੀਂ ਲਿਆ ਸੀ। ਤੇ ਨਾ ਉਹ ਆਪਸ ਵਿੱਚ ਗੁਥਮ ਗੁੱਥਾ ਹੋਏ ਸਨ। ਸਗੋਂ ਉਹ ਬੜੇ ਪ੍ਰੇਮ ਨਾਲ ਸਾਰੇ ਹੀ ਹਿੰਦੂ-ਮੁਸਲਮਾਨ ਇਕੱਠੇ ਮਿੱਲਾਂ ਆਦਿ ਵਿੱਚ ਰਹਿੰਦੇ ਬਹਿੰਦੇ ਸਨ ਤੇ ਫ਼ਸਾਦ ਹਟਾਣ ਦੇ ਵੀ ਯਤਨ ਕਰਦੇ ਰਹੇ ਸਨ। ਇਹ ਇਸ ਲਈ ਕਿ ਉਹਨਾਂ ਵਿੱਚ ਸ਼੍ਰੇਣੀ-ਜਾਗ੍ਰਤੀ ਆਈ ਹੋਈ ਸੀ ਤੇ ਉਹ ਆਪਣੇ ਸ਼੍ਰੇਣੀ ਫਾਇਦਿਆਂ ਨੂੰ ਭਲੀ-ਭਾਂਤ ਜਾਣਦੇ ਸਨ। ਇਹ ਸ਼੍ਰੇਣੀ ਜਾਗ੍ਰਤੀ ਦਾ ਇੱਕ ਸੋਹਣਾ ਰਾਹ ਹੈ ਜਿਹੜਾ ਕਿ ਫ਼ਸਾਦ ਰੋਕ ਸਕਦਾ ਹੈ।
..... 1914-15 ਦੇ ਸ਼ਹੀਦਾਂ ਨੇ ਧਰਮ ਨੂੰ ਪਾਲੇਟਿਕਸ ਤੋਂ ਵੱਖਰਾ ਕਰ ਦਿੱਤਾ ਹੋਇਆ ਸੀ। ਉਹ ਸਮਝਦੇ ਸਨ ਕਿ ਧਰਮ ਪੁਰਸ਼ਾਂ ਦਾ ਆਪਣਾ ਆਪਣਾ ਵੱਖਰਾ ਕਰਤੱਵ ਹੈ, ਤੇ ਇਸ ਵਿੱਚ ਦੂਜੇ ਦਾ ਕੋਈ ਦਖਲ ਨਹੀਂ। ਨਾ ਹੀ ਇਸ ਨੂੰ ਰਾਜਨੀਤੀ ਵਿੱਚ ਘੁਸੇੜਨਾ ਚਾਹੀਦਾ ਹੈ ਕਿਉਂਕਿ ਇਹ ਸਰਬੱਤ ਨੂੰ ਸਾਂਝੇ ਇੱਕ ਥਾਂ ਮਿਲ ਕੇ ਕੰਮ ਨਹੀਂ ਕਰਨ ਦੇਂਦਾ ਹੈ। ਇਸੇ ਲਈ ਹੀ ਉਹ ਗ਼ਦਰ ਲਹਿਰ ਵਿੱਚ ਵੀ ਇੱਕਮੁਠ ਤੇ ਇੱਕਜਾਨ ਰਹੇ ਸਨ ਤੇ ਜਿੱਥੇ ਸਿੱਖ ਵਧ ਵਧ ਕੇ ਫਾਂਸੀਆਂ ਤੇ ਟੰਗੇ ਗਏ ਸਨ ਉਥੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ ਸੀ।

No comments:

Post a Comment