Wednesday 16 November 2011

ਸ਼ਹੀਦ ਕਰਤਾਰ ਸਿੰਘ ਸਰਾਭਾ

ਸ਼ਹੀਦ ਕਰਤਾਰ ਸਿੰਘ ਸਰਾਭਾ
ਭਗਤ ਸਿੰਘ ਦੀਆਂ ਨਜ਼ਰਾਂ 'ਚ

(17ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 96 ਵੀਂ ਬਰਸੀ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਵੱਲੋਂ ਕਿਰਤੀ ਅਖ਼ਬਾਰ ਵਿੱਚ ਲਿਖੇ ਗਏ ਲੇਖ ਦੇ ਅੰਸ਼ ਪੇਸ਼ ਕਰ ਰਹੇ ਹਾਂ)

ਰਣਚੰਡੀ ਦੇ ਇਸ ਪਰਮ ਭਗਤ ਬਾਗੀ ਕਰਤਾਰ ਸਿੰਘ ਦੀ ਉਮਰ ਇਸ ਵੇਲੇ ਵੀਹਾਂ ਸਾਲਾਂ ਦੀ ਵੀ ਨਹੀਂ ਹੋਈ ਸੀ ਕਿ ਜਦ ਉਨ•ਾਂ ਨੇ ਸਵਤੰਤਰਤਾ ਦੇਵੀ ਦੀ ਬਲੀ ਵੇਦੀ ਉੱਤੇ ਆਪਣੀ ਕੁਰਬਾਨੀ ਦੇ ਦਿੱਤੀ। ਹਨੇਰੀ ਵਾਂਗ ਉਹ ਇਕਦਮ ਕਿਤਿਓਂ ਆਏ, ਅੱਗ ਭੜਕਾਈ ਤੇ ਸੁਪਨਿਆਂ 'ਚ ਪਈ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬਗਾਵਤ ਦਾ ਯੱਗ ਰਚਿਆ ਅਤੇ ਆਖ਼ਰ ਉਹ ਆਪ ਖੁਦ ਇਸ ਵਿੱਚ ਭਸਮ ਹੋ ਗਏ। ਉਹ ਕੀ ਸਨ, ਇਸ ਦੁਨੀਆਂ ਤੋਂ ਅਚਾਨਕ ਆਏ ਅਤੇ ਝੱਟ ਕਿੱਧਰੇ ਚਲੇ ਗਏ, ਅਸੀਂ ਕੁਝ ਵੀ ਨਾ ਜਾਣ ਸਕੇ। 19 ਸਾਲ ਦੀ ਉਮਰ ਵਿਚ ਹੀ ਉਨ•ਾਂ ਨੇ ਇੰਨੇ ਕੰਮ ਕਰ ਦਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਐ। ਐਨੀ ਜੁਰਅਤ, ਐਨਾ ਆਤਮ-ਵਿਸ਼ਵਾਸ਼, ਐਨਾ ਆਤਮ-ਤਿਆਗ ਅਤੇ ਐਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ। ਭਾਰਤਵਰਸ਼ ਵਿੱਚ ਐਸੇ ਇਨਸਾਨ ਬਹੁਤ ਘੱਟ ਪੈਦਾ ਹੋਏ ਹਨ ਜਿੰਨ•ਾਂ ਨੂੰ ਕਿ ਸਹੀ ਅਰਥਾਂ ਵਿੱਚ ਬਾਗੀ ਆਖਿਆ ਜਾ ਸਕਦਾ ਹੈ। ਪਰੰਤੂ ਇਨ•ਾਂ ਗਿਣਿਆ-ਮਿਣਿਆਂ ਆਗੂਆਂ ਵਿੱਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਨ•ਾਂ ਦੀ ਰਗ-ਰਗ ਵਿੱਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ। ਉਨ•ਾਂ ਦੀ ਜ਼ਿੰਦਗੀ ਦਾ ਇਕੋ ਇਕ ਮਕਸਦ, ਇਕੋ ਖਾਹਸ਼ ਅਤੇ ਇਕੋ ਉਮੀਦ ਜੋ ਕੁਝ ਵੀ ਸੀ ਇਨਕਲਾਬ ਹੀ ਸੀ। ਇਸ ਦੇ ਲਈ ਉਨ•ਾਂ ਜ਼ਿੰਦਗੀ ਵਿੱਚ ਪੈਰ ਪਾਇਆ ਤੇ ਅਖੀਰ ਇਸੇ ਲਈ ਹੀ ਇਸ ਦੁਨੀਆਂ ਤੋਂ ਚਲਾਣਾ ਕਰ ਗਏ ... ... ... 
        ... ... ... ਕਰਤਾਰ ਸਿੰਘ ਜਿਸ ਲਗਨ ਨਾਲ ਮਿਹਨਤ ਕਰਦੇ ਸਨ, ਇਸ ਨਾਲ ਸਭ ਦਾ ਹੌਂਸਲਾ ਵਧ ਜਾਂਦਾ ਸੀ। ਭਾਰਤ ਨੂੰ ਕਿਸ ਤਰ•ਾਂ ਆਜ਼ਾਦ ਕਰਵਾਇਆ ਜਾਵੇ? ਇਹ ਕਿਸੇ ਨੂੰ ਪਤਾ ਹੋਵੇ ਜਾਂ ਨਾ। ਕਿਸੇ ਨੇ ਇਸ ਸਵਾਲ 'ਤੇ ਸੋਚ ਵਿਚਾਰ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ ਪਰ ਕਰਤਾਰ ਸਿੰਘ ਨੇ ਇਸ ਸਵਾਲ ਬਾਰੇ ਬਹੁਤ ਕੁਝ ਸੋਚ ਰੱਖਿਆ ਸੀ। ਇਸ ਦੌਰਾਨ ਆਪ ਨਿਊਯਾਰਕ ਵਿੱਚ ਹਵਾਈ ਜਹਾਜ਼ਾਂ ਦੀ ਕੰਪਨੀ ਵਿੱਚ ਭਰਤੀ ਹੋ ਗਏ। ਇੱਥੇ ਦਿਲ ਲਗਾ ਕੇ ਕੰਮ ਸਿੱਖਣ ਲੱਗੇ।
        ਸਤੰਬਰ 1914 ਵਿੱਚ ਕਾਮਾਗਾਟਾ ਮਾਰੂ ਜਹਾਜ਼ ਨੂੰ ਜ਼ਾਲਮ ਗੋਰਾਸ਼ਾਹੀ ਦੇ ਹੱਥੋਂ ਨਾ ਵਰਨਣ ਯੋਗ ਤਸੀਹੇ ਝੱਲਣ 'ਤੇ ਉਸੇ ਤਰ•ਾਂ ਹੀ ਵਾਪਸ ਮੁੜਨਾ ਪਿਆ। ਤਦ ਸਾਡੇ ਕਰਤਾਰ ਸਿੰਘ, ਇਨਕਲਾਬ ਪਸੰਦ ਗੁਪਤਾ ਤੇ ਇਕ ਅਮਰੀਕਨ ਅਨਾਰਕਿਸਟ ਜੈਕ ਨੂੰ ਨਾਲ ਲੈ ਕੇ ਹਵਾਈ ਜਹਾਜ਼ 'ਤੇ ਜਾਪਾਨ ਆਏ ਅਤੇ ਕੋਬੇ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਨਾਲ ਮਿਲ ਕੇ ਸਭ ਗੱਲਬਾਤ ਕੀਤੀ। ਯੁਗਾਂਤਰ ਆਸ਼ਰਮ ਸਾਨਫ੍ਰਾਂਸਿਸਕੋ ਦੇ ਗ਼ਦਰ ਪ੍ਰੈਸ ਵਿੱਚ 'ਗ਼ਦਰ ਅਤੇ ਗ਼ਦਰ ਦੀ ਗੂੰਜ' ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਛਾਪ ਕੇ ਵੰਡੀਆਂ ਜਾਂਦੀਆਂ ਰਹੀਆਂ। ਦਿਨੋ-ਦਿਨ ਪ੍ਰਚਾਰ ਜ਼ੋਰਾਂ ਤੇ ਹੁੰਦਾ ਗਿਆ। ਜੋਸ਼ ਵੱਧਦਾ ਗਿਆ। ਫਰਵਰੀ 1914 ਵਿਚ ਸਟਾਕਨ ਦੇ ਆਮ ਜਲਸੇ ਵਿੱਚ ਆਜ਼ਾਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਆਜ਼ਾਦੀ ਤੇ ਬਰਾਬਰੀ ਦੇ ਨਾਂ 'ਤੇ ਕਸਮ ਖਾਧੀ ਗਈ। ਇਸ ਜਲਸੇ ਦੇ ਬੁਲਾਰਿਆਂ ਵਿੱਚ ਕਰਤਾਰ ਸਿੰਘ ਵੀ ਸਨ। ਸਾਰਿਆਂ ਨੇ ਐਲਾਨ ਕੀਤਾ ਕਿ ਉਹ ਆਪਣੀ ਖੂਨ-ਪਸੀਨੇ ਦੀ ਕਮਾਈ ਇੱਕ ਕਰਕੇ ਮੁਲਕ ਦੀ ਆਜ਼ਾਦੀ ਲਈ ਜਦੋਜਹਿਦ ਲਈ ਲਗਾ ਦੇਣਗੇ। ਇਸ ਤਰ•ਾਂ ਦਿਨ ਗੁਜ਼ਰਦੇ ਰਹੇ। ਅਚਾਨਕ ਯੂਰਪ ਵਿੱਚ ਪਹਿਲੀ ਜੰਗ ਲੱਗਣ ਦੀ ਖ਼ਬਰ ਮਿਲੀ। ਉਹ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ ਸਨ। ਇਕਦਮ ਸਾਰੇ ਗਾਉਣ ਲੱਗ ਪਏ-
''ਚੱਲੋ ਚੱਲੀਏ ਦੇਸ਼ ਨੂੰ ਯੁੱਧ ਕਰਨ,
              ਇਹੋ ਆਖਰੀ ਵਚਨ ਤੇ ਫੁਰਮਾਨ ਹੋ ਗਏ।'' . . . . .
        . . . . .  ਫਰਵਰੀ 1915 ਵਿਚ ਬਗਾਵਤ ਦੀ ਤਿਆਰੀ ਸੀ। ਪਹਿਲੇ ਹਫ਼ਤੇ ਆਪ, ਪਿੰਗਲੇ ਅਤੇ ਦੂਜੇ ਦੋ-ਤਿੰਨ ਸਾਥੀਆਂ ਨਾਲ ਆਗਰਾ, ਕਾਨ•ਪੁਰ, ਅਲਾਹਾਬਾਦ, ਲਖਨਊ, ਮੇਰਠ ਅਤੇ ਕਈ ਹੋਰ ਥਾਂ ਗਏ ਅਤੇ ਬਗ਼ਾਵਤ ਲਈ ਉਨ•ਾਂ ਨਾਲ ਮੇਲ-ਮਿਲਾਪ ਕਰ ਆਏ। ਅਖੀਰ ਉਹ ਦਿਨ ਨੇੜੇ ਆਉਣ ਲੱਗਾ, ਜਿਸ ਦਾ ਬੜੇ ਚਿਰ ਤੋਂ ਇੰਤਜ਼ਾਰ ਹੋ ਰਿਹਾ ਸੀ। 21ਫਰਵਰੀ 1915 ਨੂੰ ਭਾਰਤ ਵਿੱਚ ਬਗ਼ਾਵਤ ਦਾ ਦਿਨ ਮੁਕਰੱਰ ਹੋਇਆ ਸੀ। ਇਸ ਦੇ ਮੁਤਾਬਕ ਤਿਆਰੀ ਹੋ ਰਹੀ ਸੀ ਪ੍ਰੰਤੂ ਬਿਲਕੁਲ ਇਸ ਵੇਲੇ ਹੀ ਉਨ•ਾਂ ਦੀਆਂ ਉਮੀਦਾਂ ਦੇ ਰੁੱਖ ਦੀ ਜੜ• 'ਤੇ ਬੈਠਾ ਇੱਕ ਚੂਹਾ ਇਸ ਨੂੰ ਕੱਟ ਰਿਹਾ ਸੀ। ਚਾਰ-ਪੰਜ ਦਿਨ ਪਹਿਲਾਂ ਸ਼ੱਕ ਪੈ ਗਿਆ ਕਿ ਕਿਰਪਾਲ ਸਿੰਘ ਦੀ ਗ਼ਦਾਰੀ ਨਾਲ ਸਭ ਕੁਝ ਢਹਿ-ਢੇਰੀ ਹੋ ਜਾਏਗਾ। ਇਸ ਡਰ ਨਾਲ ਹੀ ਕਰਤਾਰ ਸਿੰਘ ਨੇ ਰਾਸ ਬਿਹਾਰੀ ਬੋਸ ਨੂੰ ਬਗਾਵਤ ਦੀ ਤਰੀਕ 21 ਦੀ ਬਜਾਏ 19 ਫਰਵਰੀ ਕਰਨ ਲਈ ਕਿਹਾ। ਇਸ ਤਰ•ਾਂ ਹੋ ਜਾਣ ਦੀ ਵੀ ਕਿਰਪਾਲ ਸਿੰਘ ਨੂੰ ਸੂਹ ਪਹੁੰਚ ਗਈ। ਇਸ ਇਨਕਲਾਬੀ ਗਰੋਹ ਵਿੱਚ ਇਕੋ ਗ਼ਦਾਰ ਦੀ ਹੋਂਦ ਕਿੰਨੀ ਖਤਰਨਾਕ ਨਤੀਜੇ ਦਾ ਕਾਰਨ ਬਣੀ। ਰਾਸ ਬਿਹਾਰੀ ਤੇ ਕਰਤਾਰ ਸਿੰਘ ਵੀ ਕੋਈ ਮੁਨਾਸਬ ਇੰਤਜ਼ਾਮ ਨਾ ਹੋਣ ਕਰਕੇ ਆਪਣਾ ਭੇਦ ਨਾ ਛੁਪਾ ਸਕੇ। ਇਸ ਦਾ ਕਾਰਨ ਭਾਰਤ ਦੀ ਬਦਕਿਸਮਤੀ ਦੇ ਸਿਵਾਏ ਹੋਰ ਕੀ ਹੋ ਸਕਦਾ ਹੈ . . . . .
        . . . . . . . ਆਪ ਦੀ ਬਹਾਦਰੀ ਨੇ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਪ੍ਰੁੰਤੂ ਉਨ•ਾਂ ਨੇ ਖੁੱਲ•ੇ ਦਿਲ ਦੁਸ਼ਮਣ ਦੀ ਤਰ•ਾਂ ਆਪਦੀ ਬਹਾਦਰੀ ਨੂੰ ਬਹਾਦਰੀ ਨਾ ਕਹਿ ਕੇ ਢੀਠਪੁਣੇ ਦੇ ਸ਼ਬਦਾਂ ਨਾਲ ਯਾਦ ਕੀਤਾ। ਕਰਤਾਰ ਸਿੰਘ ਨੂੰ ਸਿਰਫ਼ ਗਾਲ਼ਾਂ ਹੀ ਨਹੀਂ, ਮੌਤ ਦੀ ਸਜ਼ਾ ਵੀ ਮਿਲੀ। ਆਪ ਨੇ ਮੁਸਕਰਾਉਂਦੇ ਹੋਏ ਜੱਜ ਦਾ ਸ਼ੁਕਰੀਆ ਅਦਾ ਕੀਤਾ। ਕਰਤਾਰ ਸਿੰਘ ਫਾਂਸੀ ਦੀ ਕੋਠੜੀ ਵਿੱਚ ਬੰਦ ਸਨ। ਆਪ ਦੇ ਦਾਦਾ ਨੇ ਆ ਕੇ ਕਿਹਾ ਕਿ , ''ਕਰਤਾਰ ਸਿੰਘ, ਜਿਨ•ਾਂ ਲਈ ਮਰ ਰਿਹਾ ਹੈਂ? ਜਿਹੜੇ ਤੈਨੂੰ ਗਾਲ਼ੀਆ ਦਿੰਦੇ ਹਨ। ਤੇਰੇ ਮਰਨ ਨਾਲ ਦੇਸ਼ ਨੂੰ ਕੁਝ ਫਾਇਦਾ ਹੋਵੇਗਾ, ਇਹ ਵੀ ਨਜ਼ਰ ਨਹੀਂ ਆਉਂਦਾ।'' ਕਰਤਾਰ ਸਿੰਘ ਨੇ ਬਹੁਤ ਹੌਲੀ ਜਿਹੀ ਪੁੱਛਿਆ :-
''ਦਾਦਾ ਜੀ, ਫਲਾਣਾ ਰਿਸ਼ਤੇਦਾਰ ਕਿੱਥੇ ਹੈ?''
''ਪਲੇਗ ਨਾਲ ਮਰ ਗਿਆ।''
''ਫਲਾਣਾ ਕਿੱਥੇ ਹੈ?''
''ਹੈਜੇ ਨਾਲ ਮਰ ਗਿਆ।''
''ਤਾਂ ਕੀ ਤੁਸੀਂ ਚਾਹੁੰਦੇ ਹੋ ਕਿ ਕਰਤਾਰ ਸਿੰਘ ਬਿਸਤਰੇ 'ਤੇ ਮਹੀਨਿਆਂ ਬੱਧੀ ਪਿਆ ਰਹੇ ਤੇ ਦਰਦ ਨਾਲ ਦੁਖੀ ਕਿਸੇ ਰੋਗ ਨਾਲ ਮਰੇ? ਕੀ ਉਸ ਮੌਤ ਨਾਲੋਂ ਇਹ ਮੌਤ ਹਜ਼ਾਰ ਦਰਜੇ ਚੰਗੀ ਨਹੀਂ?'' ਦਾਦਾ ਚੁੱਪ ਹੋ ਗਏ।
        ਅੱਜ ਫਿਰ ਸਵਾਲ ਉੱਠਦਾ ਹੈ ਕਿ ਉਨ•ਾਂ ਦੇ ਮਰਨ ਨਾਲ ਕੀ ਫਾਇਦਾ ਹੋਇਆ? ਉਹ ਕਿਸ ਲਈ ਮਰੇ? ਇਸ ਦਾ ਜਵਾਬ ਬਿਲਕੁਲ ਸਾਫ਼ ਹੈ। ਦੇਸ਼ ਲਈ ਮਰੇ। ਉਨ•ਾਂ ਦਾ ਆਦਰਸ਼ ਹੀ ਦੇਸ਼ ਸੇਵਾ ਵਿੱਚ ਲੜਦੇ ਮਰਨਾ ਸੀ। ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹੁੰਦੇ ਸਨ। ਮਰਨਾ ਵੀ ਗੁੰਮਨਾਮ ਰਹਿ ਕੇ ਚਾਹੁੰਦੇ ਸਨ।
ਚਮਨ ਜਾਰੇ ਮੁਹੱਬਤ ਮੇਂ, ਉਸੀ ਨੇ ਕੀ ਬਾਗਬਾਨੀ।
ਜਿਸਨੇ ਮਿਹਨਤ ਕੋ ਹੀ ਮਿਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਮੁਹਤਾਜੇ ਨੁਮਾਇਸ਼ ਫੈਜ਼ ਸਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।
        (ਮੁਹੱਬਤ ਦੀ ਫੁਲਵਾੜੀ ਵਿੱਚ ਉਸ ਮਾਲੀ ਦੀ ਥਾਂ ਹੈ, ਜਿਹੜਾ ਆਪਣੀ ਮਿਹਨਤ ਨੂੰ ਹੀ ਆਪਣਾ ਫਲ ਸਮਝਦਾ ਹੈ। ਤ੍ਰੇਲ ਦੀ ਦਰਿਆਦਿਲੀ ਵਿਖਾਵੇ ਲਈ ਨਹੀਂ ਹੈ, ਉਹ ਤਾਂ ਹਨੇਰੀ ਰਾਤ ਵਿੱਚ ਚੁੱਪ-ਚਾਪ ਬਾਗ਼ ਵਿੱਚ ਮੋਤੀ ਕੇਰ ਜਾਂਦੀ ਹੈ।)
        ਡੇਢ ਸਾਲ ਤੱਕ ਮੁਕੱਦਮਾ ਚੱਲਿਆ। 16 ਨਵੰਬਰ, 1915 ਦਾ ਦਿਨ ਸੀ, ਜਦ ਉਨ•ਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਉਸ ਦਿਨ ਵੀ ਹਮੇਸ਼ਾ ਦੀ ਤਰ•ਾਂ ਖੁਸ਼ ਸਨ। ਇਨ•ਾਂ ਦਾ ਭਾਰ ਦਸ ਪੌਂਡ ਵਧ ਗਿਆ ਸੀ। ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਉਹ ਫਾਂਸੀ ਦੇ ਤਖਤੇ 'ਤੇ ਝੂਲ ਗਏ। 

No comments:

Post a Comment