Friday 25 November 2011

ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ - I


ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੁਹਿੰਮ
ਭ੍ਰਿਸ਼ਟਾਚਾਰ ਅਤੇ ਕਾਲ਼ੇ ਕਾਨੂੰਨਾਂ ਦੇ ਵਿਰੋਧ ਦਾ ਸੱਦਾ
ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਸ਼ਹੀਦ ਭਗਤ ਸਿੰਘ ਦਾ 104ਵਾਂ ਜਨਮ ਦਿਹਾੜਾ ਨੌਜਵਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਇਨਕਲਾਬੀ ਉਤਸ਼ਾਹ ਨਾਲ ਮਨਾਇਆ ਗਿਆ। ਸਤੰਬਰ ਦੇ ਮਗਰਲੇ ਅੱਧ ਦੌਰਾਨ ਨੌਜਵਾਨਾਂ ਦੀਆਂ ਟੋਲੀਆਂ ਵੱਖ-2 ਢੰਗ ਤਰੀਕਿਆਂ ਨਾਲ ਸ਼ਹੀਦ ਦੇ ਵਿਚਾਰਾਂ ਨੂੰ ਲੋਕਾਂ ਤੇ ਨੌਜਵਾਨਾਂ ਤੱਕ ਪਹੁੰਚਾਉਣ 'ਚ ਸਰਗਰਮ ਰਹੀਆਂ। ਨਾਟਕ ਸਮਾਗਮਾਂ ਤੋਂ ਲੈ ਕੇ ਮਸ਼ਾਲ ਮਾਰਚਾਂ, ਮੀਟਿੰਗਾਂ, ਰੈਲੀਆਂ ਦੀ ਲੜੀ ਚੱਲਦੀ ਰਹੀ ਹੈ। ਵੱਖ-2 ਥਾਵਾਂ ਦੇ ਸਮਾਗਮਾਂ ਦਾ ਸੱਦਾ ਦਿੰਦੇ ਹੱਥ ਪਰਚੇ, ਇਸ਼ਤਿਹਾਰ ਤੇ ਲਿਖਤਾਂ ਜਾਰੀ ਹੋਈਆਂ ਹਨ ਜਿਨ•ਾਂ 'ਚ ਸ਼ਹੀਦ ਭਗਤ ਸਿੰਘ ਦੀ ਮੁਲਕ ਦੀ ਇਨਕਲਾਬੀ ਲਹਿਰ ਨੂੰ ਦੇਣ ਬਾਰੇ ਚਰਚਾ ਕੀਤੀ ਗਈ ਹੈ। ਮੁਹਿੰਮ ਦੌਰਾਨ ਦੇਸ਼ ਦੇ ਮਿਹਨਤਕਸ਼ ਲੋਕਾਂ ਦੀਆਂ ਸਭਨਾਂ ਦੁੱਖ ਤਕਲੀਫ਼ਾਂ ਦੇ ਖਾਤਮੇ ਲਈ ਸ਼ਹੀਦ ਦੇ ਵਿਚਾਰਾਂ ਅਨੁਸਾਰ ਇਨਕਲਾਬੀ ਤਬਦੀਲੀ ਦੀ ਲੋੜ ਨੂੰ ਉਭਾਰਿਆ ਗਿਆ। ਨੌਜਵਾਨਾਂ ਨੂੰ ਇਸ ਤਬਦੀਲੀ ਦੀ ਲਹਿਰ 'ਚ ਆਪਣੇ ਬਣਦੇ ਰੋਲ ਨੂੰ ਪਛਾਨਣ ਦਾ ਸੱਦਾ ਦਿੱਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਇਨਕਲਾਬੀ ਨੌਜਵਾਨ ਲਹਿਰ ਨੂੰ ਪ੍ਰੇਰਨਾ ਦੇ ਸੋਮੇ ਵਜੋਂ ਦਰਸਾਇਆ ਗਿਆ।
ਜਨਮ ਦਿਹਾੜਾ ਮਨਾਉਣ ਦੀ ਮੁਹਿੰਮ ਦੌਰਾਨ ਮੌਜੂਦਾ ਸਮੇਂ 'ਚ ਉੱਭਰੇ ਹੋਏ ਭ੍ਰਿਸ਼ਟਾਚਾਰ ਤੇ ਕਾਲੇ ਕਾਨੂੰਨਾਂ ਦੇ ਮਸਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਿਤ ਹੋਇਆ ਗਿਆ। ਅਗਸਤ ਮਹੀਨੇ 'ਚ ਭ੍ਰਿਸ਼ਟਾਚਾਰ ਦੇ ਮਸਲੇ 'ਤੇ ਚੱਲੀ ਮੁਹਿੰਮ ਦੌਰਾਨ ਉਠਾਏ ਗਏ ਨੁਕਤਿਆਂ ਨੂੰ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨਾਲ ਜੋੜਿਆ ਗਿਆ। ਮੌਜੂਦਾ ਰਾਜ ਪ੍ਰਬੰਧ 'ਚ ਭ੍ਰਿਸ਼ਟਾਚਾਰ ਨੂੰ ਵੱਡੀਆਂ ਜੋਕਾਂ ਲਈ ਲੁੱਟ ਦਾ ਅਹਿਮ ਸਾਧਨ ਦੱਸਦਿਆਂ ਕਿਹਾ ਗਿਆ ਕਿ ਰਾਜ ਪ੍ਰਬੰਧ 'ਚ ਲੋਕਾਂ ਦੀ ਪੁੱਗਤ ਸਥਾਪਤ ਹੋਣ ਨਾਲ ਹੀ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਸਕਦਾ ਹੈ। ਇਹਦੇ ਲਈ ਲੋਕਾਂ ਦੀ ਵਿਸ਼ਾਲ ਤੇ ਮਜ਼ਬੂਤ ਲਹਿਰ ਹੀ ਜ਼ਾਮਨੀ ਬਣਦੀ ਹੈ ਤੇ ਇਸ ਲਹਿਰ ਦਾ ਨਿਸ਼ਾਨਾ ਵੱਡੇ ਅਮੀਰ ਘਰਾਣੇ, ਕੰਪਨੀਆਂ ਤੇ ਰਾਜ ਭਾਗ ਦੀਆਂ ਅਥਾਹ ਤਾਕਤਾਂ ਬਣਨੀਆਂ ਚਾਹੀਦੀਆਂ ਹਨ।
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਪੰਜਾਬ ਅਸੈਂਬਲੀ 'ਚ ਪਾਸ ਕੀਤੇ ਗਏ ਦੋ ਕਾਲ਼ੇ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਂਦਿਆਂ ਇਹਨਾਂ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਅੰਗਰੇਜ਼ ਹਕੂਮਤ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਪਾਰਲੀਮੈਂਟ 'ਚ ਬੰਬ ਧਮਾਕੇ ਕਰਕੇ ਚੁਣੌਤੀ ਦਿੱਤੀ ਸੀ। ਇਸ ਵਿਰਾਸਤ ਨੂੰ ਬੁਲੰਦ ਕਰਦਿਆਂ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਨਤਕ ਸੰਘਰਸ਼ ਕਰਨ ਦੀ ਲੋੜ ਉਭਾਰੀ ਗਈ।
ਅਗਲੇ ਪੰਨਿਆਂ ਤੇ ਇਸ ਮੁਹਿੰਮ ਦੌਰਾਨ ਹੋਈ ਸਰਗਰਮੀ ਦੀ ਰਿਪੋਰਟ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ :  
ਸੰਗਤ-ਲੰਬੀ ਇਲਾਕਾ : ਪਿੰਡ ਘੁੱਦਾ 'ਚ ਸਭਿਆਚਾਰਕ ਸਮਾਗਮ
ਸਭਾ ਦੀ ਸੰਗਤ-ਲੰਬੀ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਪਿੰਡ ਘੁੱਦਾ 'ਚ ਇਲਾਕੇ ਪੱਧਰਾ ਸੱਭਿਆਚਾਰਕ ਸਮਾਗਮ ਕਰਕੇ ਮਨਾÂਆ ਗਿਆ। ਇਸ ਸਮਾਗਮ ਦੀ ਤਿਆਰੀ 'ਚ ਇਲਾਕੇ ਦੇ ਪਿੰਡਾਂ ਘੁੱਦਾ, ਸਿੰਘੇਵਾਲਾ, ਮਹਿਣਾ, ਕਿੱਲਿਆਂਵਾਲੀ, ਖੁੱਡੀਆਂ, ਕੋਟਗੁਰੂ, ਸਰਦਾਰਗੜ• ਤੇ ਬੀੜ ਤਲਾਬ ਆਦਿ ਪਿੰਡਾਂ 'ਚ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਜਿੰਨ•ਾਂ 'ਚ ਨੌਜਵਾਨਾਂ ਦੀ ਗਿਣਤੀ 50-55 ਤੋਂ ਲੈ ਕੇ 15-20 ਤੱਕ ਦੇ ਕਰੀਬ ਰਹੀ। ਸਮਾਗਮ 'ਚ ਪਹੁੰਚਣ ਦਾ ਸੱਦਾ ਦਿੰਦਾ ਇੱਕ ਕੰਧ ਪੋਸਟਰ ਲਗਭਗ 1000 ਦੀ ਗਿਣਤੀ 'ਚ ਛਪਵਾ ਕੇ ਇਲਾਕੇ ਦੇ ਪਿੰਡਾਂ 'ਚ ਲਗਾਇਆ ਗਿਆ। ਸਭਾ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਚੱਲੀ ਜੀਹਦੇ ਦੌਰਾਨ ਕਈ ਪਿੰਡਾਂ 'ਚ ਨੌਜਵਾਨਾ ਦੀਆਂ ਟੀਮਾਂ ਨੇ ਘਰ-ਘਰ ਤੱਕ ਪਹੁੰਚ ਕੀਤੀ ਅਤੇ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਪੂਰੇ ਇਲਾਕੇ 'ਚੋਂ 50 ਹਜ਼ਾਰ ਰੁ: ਦੇ ਲਗਭਗ ਫੰਡ ਇਕੱਠਾ ਹੋਇਆ।
25 ਸਤੰਬਰ ਨੂੰ ਪਿੰਡ ਘੁੱਦਾ 'ਚ ਹੋਏ ਨਾਟਕਾਂ ਦੇ ਸਮਾਗਮ 'ਚ ਆਸ ਪਾਸ ਦੇ ਪਿੰਡਾਂ 'ਚੋਂ ਲਗਭਗ 200 ਨੌਜਵਾਨ ਸ਼ਾਮਲ ਹੋਏ ਉਥੇ ਪਿੰਡ 'ਚੋਂ ਮਰਦਾਂ-ਔਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਕੁੱਲ ਇਕੱਠ ਲਗਭਗ 1000 ਤੋਂ ਉਪਰ ਚਲਾ ਗਿਆ। ਸਮਾਗਮ ਦੀ ਤਿਆਰੀ ਲਈ ਪਿੰਡ 'ਚ ਘਰ ਘਰ ਤੱਕ ਪਹੁੰਚ ਕੀਤੀ ਗਈ ਸੀ। ਸਵੇਰ ਵੇਲੇ ਨੌਜਵਾਨਾਂ ਦੀ ਟੀਮ ਵੱੱਲੋਂ ਘਰ-ਘਰ ਜਾ ਕੇ ਠੰਢੇ ਪਾਣੀ ਲਈ ਬਰਫ਼ ਤੇ ਦੁੱਧ ਇਕੱਠਾ ਕੀਤਾ ਗਿਆ ਤੇ ਸਮਾਗਮ 'ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਸਵੇਰ ਤੋਂ ਹੀ 25-30 ਨੌਜਵਾਨ ਵਲੰਟੀਅਰ ਕੰਮਾਂ 'ਚ ਜੁਟੇ ਰਹੇ। ਖਚਾਖਚ ਭਰੇ ਪੰਡਾਲ 'ਚ ਲੋਕਾਂ ਨੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ 'ਇਕੋ ਰਾਹ ਸੁਵੱਲੜਾ' ਤੇ 'ਮੈਂ ਫਿਰ ਆਵਾਂਗਾ' ਬਹੁਤ ਇਕਾਗਰਤਾ ਨਾਲ ਦੇਖੇ। ਇਕੱਠ ਨੂੰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕੀਤਾ। ਸਭਾ ਦੇ ਨੌਜਵਾਨ ਕਾਰਕੁੰਨਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਮਾਗਮ 'ਚ ਮੰਚ ਸੰਚਾਲਨ ਸਭਾ ਦੇ ਇਲਾਕਾ ਸਕੱਤਰ ਜਗਮੀਤ ਸਿੰਘ ਨੇ ਕੀਤਾ।
ਇਉਂ ਸਫਲਤਾਪੂਰਵਕ ਤਰੀਕੇ ਨਾਲ ਇਹ ਸਭਿਆਚਾਰਕ ਸਮਾਗਮ ਲੋਕਾਂ ਨੂੰ ਸਿਹਤਮੰਦ ਮਨੋਰੰਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸ਼ਹੀਦਾਂ ਦਾ ਇਨਕਲਾਬੀ ਸੁਨੇਹਾ ਵੰਡਣ 'ਚ ਕਾਮਯਾਬ ਹੋਇਆ। ਨੌਜਵਾਨਾਂ 'ਚ ਜੋਸ਼ ਤੇ ਉਤਸ਼ਾਹ ਜਗਾਉਣ 'ਚ ਸਫ਼ਲ ਹੋਇਆ। ਭਾਵੇਂ ਕਿ ਕਮੇਟੀ ਵੱਲੋਂ ਇਹ ਮੁਹਿੰਮ 25 ਤੱਕ ਹੀ ਮਿਥੀ ਗਈ ਸੀ ਪਰ ਇਸ ਸਮਾਗਮ ਦੇ ਅਸਰ ਹੇਠ ਝੂਣੇ ਗਏ ਨੌਜਵਾਨਾਂ ਨੇ 25 ਤੋਂ ਬਾਅਦ ਵੀ ਮੁਹਿੰਮ ਨੂੰ ਜਾਰੀ ਰੱਖਿਆ ਤੇ ਆਪੋ ਆਪਣੇ ਪਿੰਡਾਂ 'ਚ ਵੀ ਇਹ ਸੁਨੇਹਾ ਜਨਤਾ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ।
ਖੁੱਡੀਆਂ 'ਚ ਮਸ਼ਾਲ ਮਾਰਚ : 28 ਸਤੰਬਰ ਦੀ ਰਾਤ ਨੂੰ ਪਿੰਡ ਖੁੱਡੀਆਂ 'ਚ ਨੌਜਵਾਨਾਂ ਨੇ ਮਸ਼ਾਲ ਮਾਰਚ ਕੀਤਾ ਜੀਹਦੇ 'ਚ ਲਗਭਗ 80 ਨੌਜਵਾਨ ਸ਼ਾਮਲ ਹੋਏ। ਨੌਜਾਵਾਨਾਂ ਨੇ ਇਨਕਲਾਬ-ਜ਼ਿੰਦਾਬਾਦ ਤੇ ਭਗਤ ਸਿੰਘ ਅਮਰ ਰਹੇ ਦੇ ਨਾਅਰੇ ਗੁੰਜਾਏ। ਕਾਫ਼ਲੇ ਨੇ ਪਿੰਡ 'ਚ ਮੋਮਬੱਤੀਆਂ ਜਗਾਉਣ ਦਾ ਸੱਦਾ ਦਿੱਤਾ।
ਕਿੱਲਿਆਂਵਾਲੀ 'ਚ ਜਾਗੋ : ਇਲਾਕੇ ਦੇ ਪਿੰਡ ਕਿੱਲਿਆਂਵਾਲੀ 'ਚ ਸਭਾ ਦੇ ਕਾਰਕੁੰਨਾਂ ਦੀ ਅਗਵਾਈ 'ਚ ਜਾਗੋ ਕੱਢੀ ਗਂਈ। ਇਸ ਜਾਗੋ ਮਾਰਚ 'ਚ 215-220 ਦੀ ਗਿਣਤੀ ਤੱਕ ਲੋਕਾਂ ਦਾ ਇਕੱਠ ਹੋਇਆ। ਪਿੰਡ ਦੀਆਂ ਗਲੀਆਂ 'ਚ ਜਾਗੋ ਲੈ ਕੇ ਲੋਕਾਂ ਨੂੰ ਲੁੱਟ ਜਬਰ ਖਿਲਾਫ਼ ਉਠ ਕੇ, ਸੰਗਰਾਮ ਕਰਨ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਲੋਕਾਂ ਨੇ ਘਰ-ਘਰ ਦੀਵੇ ਜਗਾਏ।
ਘੁੱਦਾ : 28 ਸਤੰਬਰ ਦੀ ਸ਼ਾਮ ਨੂੰ 30 ਦੇ ਲਗਭਗ ਇਕੱਠੇ ਹੋਏ ਨੌਜਵਾਨਾਂ ਨੇ ਪਿੰਡ 'ਚ ਮੋਮਬੱਤੀਆਂ ਲਾਉਣ ਦਾ ਸੁਨੇਹਾ ਦਿੱਤਾ ਤੇ ਕੁਝ ਸਾਂਝੀਆਂ ਥਾਵਾਂ 'ਤੇ ਆਪ ਮੋਮਬੱਤੀਆਂ ਲਾਈਆਂ।
ਸਿੰਘੇਵਾਲਾ : ਸਿੰਘੇਵਾਲਾ ਪਿੰਡ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਕੱਤਰਤਾ ਕਰਕੇ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਝੰਡਾ ਝੁਲਾਇਆ ਗਿਆ। ਇਸ 'ਚ ਸਭਾ ਦੀ ਅਗਵਾਈ 'ਚ ਪਿੰਡ ਦੇ ਨੌਜਵਾਨ ਸ਼ਾਮਿਲ ਹੋਏ। ਇਕੱਠ ਨੂੰ ਮਜ਼ਦੂਰ ਜਥੇਬੰਦੀ ਤੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
ਗੁਰੂਕੇ ਪਿੰਡ 'ਚ ਨੌਜਵਾਨਾਂ ਵੱਲੋਂ ਸ਼ਾਮ ਨੂੰ ਹੋਕੇ ਲਗਾ ਕੇ ਘਰ-ਘਰ ਦੀਵੇ ਜਗਾਉਣ ਦਾ ਸੱਦਾ ਦਿੱਤਾ।
ਚੁੱਘੇ ਕਲਾਂ ਪਿੰਡ 'ਚ 28 ਸਤੰਬਰ ਦੀ ਸਵੇਰ ਨੂੰ 50 ਦੇ ਲਗਭਗ ਨੌਜਵਾਨਾਂ ਨੇ ਮਾਰਚ ਕੀਤਾ। ਪਿੰਡ ਦੇ ਸਥਾਨਕ ਕਲੱਬ ਵੱਲੋਂ ਮਾਰਚ ਦੇ ਦਿੱਤੇ ਸੱਦੇ 'ਚ ਸਭਾ ਦੇ ਨੌਜਵਾਨ ਵੀ ਸ਼ਾਮਿਲ ਹੋਏ। ਨਾਅਰੇ ਲਗਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।
ਸ਼ੀਹਾਂ-ਦਾਉਦ 'ਚ ਬੱਚਿਆਂ ਦੇ ਕੁਇਜ਼ ਮੁਕਾਬਲੇ : ਨੌਜਵਾਨ ਭਾਰਤ ਸਭਾ ਦੇ ਖੰਨਾਂ ਇਲਾਕੇ ਦੇ ਨੌਜਵਾਨਾਂ ਨੇ ਪਿੰਡ ਸ਼ੀਹਾਂ-ਦਾਉਦ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ 'ਤੇ ਸਕੂਲੀ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਤੇ ਲੋਕਾਂ ਦੀ ਭਰਵੀਂ ਇਕੱਤਰਤਾ ਹੋਈ। 250 ਦੇ ਲਗਭਗ ਇਕੱਠੇ ਹੋਏ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਰਵਿੰਦਰ ਹੈਪੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਆਦਰਸ਼ਾਂ 'ਤੇ ਚਾਨਣਾ ਪਾਉਂਦਿਆਂ ਭ੍ਰਿਸ਼ਟਾਚਾਰ ਤੇ ਕਾਲੇ ਕਾਨੂੰਨਾਂ ਦੇ ਮੁੱਦਿਆ 'ਤੇ ਵਿਚਾਰ ਪੇਸ਼ ਕੀਤੇ ਅਤੇ ਨੌਜਵਾਨਾਂ ਨੂੰ ਸਭਾ ਦੇ ਝੰਡੇ ਹੇਠ ਜਥੇਬੰਦ ਹੋਣ ਦਾ ਸੱਦਾ ਦਿੱਤਾ। ਬੱਚਿਆਂ ਨੂੰ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਜੀਵਨ 'ਚੋਂ ਤੇ ਵਿਗਿਆਨ ਇਤਿਹਾਸ ਦੇ ਵਿਸ਼ਿਆਂ 'ਚੋਂ ਸਵਾਲ ਪੁੱਛੇ ਗਏ ਜਿੰਨ•ਾਂ ਦੇ ਜਵਾਬ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਦਿੱਤੇ ਤੇ ਨਵਾਂ ਜਾਨਣ ਦੀ ਜਗਿਆਸਾ ਵੀ ਜ਼ਾਹਰ ਹੋਈ। ਇਹਨਾਂ ਬੱਚਿਆਂ ਵੱਲੋਂ ਇਨਕਲਾਬੀ ਗੀਤ, ਕਵਿਤਾਵਾਂ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਦਰਸ਼ਨ ਕੂਹਲੀ ਨੇ ਵੀ ਸੰਬੋਧਨ ਕੀਤਾ। ਇਉਂ ਇਹ ਸਮਾਗਮ ਪਿੰਡ ਨਿਵਾਸੀਆਂ ਅਤੇ ਨੌਜਵਾਨਾਂ 'ਤੇ ਆਪਣਾ ਅਸਰ ਛੱਡਣ 'ਚ ਕਾਮਯਾਬ ਹੋਇਆ।
ਛਾਜਲੀ (ਸੁਨਾਮ) 'ਚ ਮਸ਼ਾਲ ਮਾਰਚ : ਸੁਨਾਮ ਇਲਾਕੇ ਦੇ ਪਿੰਡ ਛਾਜਲੀ 'ਚ ਸਭਾ ਦੇ ਸੱਦੇ 'ਤੇ ਸ਼ਹੀਦ ਭਗਤ ਸਿੰਘ ਸਟੱਡੀ ਸਰਕਲ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। 60-70 ਦੇ ਲਗਭਗ ਨੌਜਵਾਨਾਂ ਵੱਲੋਂ ਮਸ਼ਾਲਾਂ ਲੈ ਕੇ ਪਿੰਡ ਦੀ ਫਿਰਨੀ 'ਤੇ ਮੁਜ਼ਾਹਰਾ ਕੀਤਾ ਅਤੇ ਲੋਕਾਂ ਨੂੰ ਘਰਾਂ ਦੇ ਬਨੇਰਿਆਂ ਉੱਤੇ ਮੋਮਬੱਤੀਆਂ ਬਾਲਣ ਦਾ ਸੱਦਾ ਦਿੱਤਾ। ਏਸੇ ਤਰ•ਾਂ ਉਗਰਾਹਾਂ ਪਿੰਡ 'ਚ ਵੀ ਨੌਜਵਾਨਾਂ ਨੇ ਮਸ਼ਾਲ ਮਾਰਚ ਰਾਹੀਂ ਭਗਤ ਸਿੰਘ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ।
ਖਟਕੜ ਕਲਾਂ ਦੀ ਧਰਤੀ 'ਤੇ ਨਤਮਸਤਕ ਹੋਇਆ ਨੌਜਵਾਨਾਂ ਦਾ ਕਾਫਲਾ 
ਮੋਗਾ ਇਲਾਕੇ ਦੇ ਸੈਂਕੜੇ ਨੌਜਵਾਨਾਂ ਦਾ ਕਾਫ਼ਲਾ 25 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚ ਕੇ ਇਤਿਹਾਸਕ ਧਰਤੀ ਨੂੰ ਨਤਮਸਤਕ ਹੋਇਆ ਅਤੇ ਸ਼ਹੀਦ ਦੇ ਅਧੂਰੇ ਕਾਜ਼ ਦੀ ਪੂਰਤੀ ਲਈ ਜਦੋਜਹਿਦ ਨੂੰ ਤੇਜ਼ ਕਰਨ ਦਾ ਅਹਿਦ ਲਿਆ। ਖਟਕੜ ਕਲਾਂ ਪਹੁੰਚਣ ਦਾ ਸੱਦਾ ਨੌਜਵਾਨ ਭਾਰਤ ਸਭਾ ਦੀ ਮੋਗਾ ਇਲਾਕਾ ਕਮੇਟੀ ਵੱਲੋਂ ਦਿੱਤਾ ਗਿਆ ਸੀ।
ਕਮੇਟੀ ਵੱਲੋਂ 15 ਦਿਨ ਦੀ ਮੁਹਿੰਮ ਵਿਉਂਤੀ ਗਈ ਜੀਹਦੇ ਸਿਖ਼ਰ 'ਤੇ ਨੌਜਵਾਨਾਂ ਦਾ ਕਾਫਲਾ ਖਟਕੜ ਕਲਾਂ ਪਹੁੰਚਿਆ। ਇਸ ਮੁਹਿੰਮ ਤਹਿਤ ਇਲਾਕੇ ਦੇ ਪਿੰਡਾਂ ਕੁੱਸਾ, ਮਾਛੀਕੇ, ਦੌਧਰ, ਰਾਮਾਂ, ਮੱਦੋਕੇ, ਭਾਗੀਕੇ, ਹਿੰਮਤਪੁਰਾ, ਤਖਤੂਪੁਰਾ, ਸੈਦੋਕੇ, ਰੌਂਤਾ, ਬਿਲਾਸਪੁਰ 'ਚ ਨੌਜਵਾਨਾਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਜਿਨ•ਾਂ 'ਚ 15 ਤੋਂ 30 ਤੱਕ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਇਲਾਕਾ ਕਮੇਟੀ ਦੇ ਆਗੂਆਂ ਕਰਮ ਰਾਮਾਂ, ਅਮਨ ਮਾਛੀਕੇ, ਗੁਰਮੁਖ ਹਿੰਮਤਪੁਰਾ ਨੇ ਸ਼ਹੀਦ ਭਗਤ ਸਿੰਘ ਦੀ ਜੀਵਨ ਘਾਲਣਾ ਤੇ ਕੁਰਬਾਨੀ ਦੇ ਮਹੱਤਵ ਬਾਰੇ ਚਾਨਣਾ ਪਾਇਆ ਤੇ ਉਹਦੇ ਇਨਕਲਾਬੀ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਇਨਕਲਾਬ ਦੇ ਸੰਗਰਾਮ 'ਚ ਨੌਜਵਾਨਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਭ੍ਰਿਸ਼ਟਾਚਾਰ ਦੇ ਮਸਲੇ ਬਾਰੇ ਚਰਚਾ ਕਰਦਿਆਂ ਭ੍ਰਿਸ਼ਟਾਚਾਰ ਦੇ ਅਸਲ ਕਾਰਨਾਂ ਅਤੇ ਨਵੀਆਂ ਆਰਥਿਕ ਨੀਤੀਆਂ ਖਿਲਾਫ਼ ਜਦੋਜਹਿਦ ਨਾਲ ਜੁੜਕੇ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ਾਂ ਦੇ ਮਹੱਤਵ ਨੂੰ ਉਭਾਰਿਆ ਗਿਆ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਾਲ਼ੇ ਕਾਨੂੰਨਾਂ ਦਾ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਸ਼ਹੀਦ ਦੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਵਿਰਾਸਤ 'ਤੇ ਪਹਿਰਾ ਦੇਣ ਦਾ ਸੱਦਾ ਦਿੱਤਾ ਗਿਆ।
ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਾ ਇਕ ਹੱਥ ਪਰਚਾ ਛਾਪ ਕੇ ਪੂਰੇ ਇਲਾਕੇ ਦੇ ਨੌਜਵਾਨਾਂ ਤੇ ਲੋਕਾਂ ਤੱਕ ਪਹੁੰਚਾਇਆ ਗਿਆ। ਇਸ ਦੌਰਾਨ ਹੀ ਸਭਾ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਈ ਗਈ ਜਿਸ ਨੂੰ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਜਿਸ ਤਹਿਤ 40 ਹਜ਼ਾਰ ਰੁ: ਦੇ ਲਗਭਗ ਫੰਡ ਇਕੱਠਾ ਹੋਇਆ।
25 ਸਤੰਬਰ ਐਤਵਾਰ ਦੀ ਸਵੇਰ ਨੂੰ ਇਲਾਕੇ ਦੇ 12 ਪਿੰਡਾਂ 'ਚੋਂ ਲਗਭਗ 150 ਨੌਜਵਾਨ ਪਿੰਡ ਰਾਮਾਂ 'ਚ ਇਕੱਠੇ ਹੋ ਕੇ ਖਟਕੜ ਕਲਾਂ ਵੱਲ ਰਵਾਨਾ ਹੋਏ। ਬਸੰਤੀ ਪੱਗਾਂ 'ਚ ਸਜੇ ਨੌਜਵਾਨਾਂ ਨੂੰ ਜੋਸ਼ੀਲੇ ਨਾਅਰੇ ਮਾਰਦਿਆਂ ਲੋਕ ਚਾਅ ਤੇ ਉਤਸ਼ਾਹ ਨਾਲ ਦੇਖ ਰਹੇ ਸਨ ਤੇ ਇਹ ਉਤਸ਼ਾਹ ਨਾਅਰਿਆਂ ਦੇ ਜਵਾਬ ਦੇਣ ਰਾਹੀਂ ਵੀ ਪ੍ਰਗਟ ਹੋ ਰਿਹਾ ਸੀ। ਸਾਰੇ ਸਾਧਨਾਂ 'ਤੇ ਸ਼ਹੀਦ ਭਗਤ ਸਿੰਘ ਦੀਆਂ ਵੱਡੀਆਂ ਤਸਵੀਰਾਂ ਅਤੇ ਨਾਅਰਿਆਂ ਵਾਲੀਆਂ ਫਲੈਕਸਾਂ, ਬੈਨਰ ਲੱਗੇ ਹੋਏ ਸਨ। 'ਸ਼ਹੀਦੋ ਥੋਡੇ ਕਾਜ਼ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇ' ਤੇ 'ਇਨਕਲਾਬ-ਜ਼ਿੰਦਾਬਾਦ!' 'ਸਾਮਰਾਜਵਾਦ-ਮੁਰਦਾਬਾਦ!' ਦੇ ਨਾਅਰੇ ਗੂੰਜ ਰਹੇ ਸਨ। ਗੱਡੀਆਂ 'ਤੇ ਰੱਖੇ ਸਪੀਕਰਾਂ 'ਚੋਂ ਸਾਰੇ ਸਫ਼ਰ ਦੌਰਾਨ 'ਮੇਰਾ ਰੰਗ ਦੇ ਬਸੰਤੀ ਚੋਲਾ. . . . ' ਤੇ ਅਜਿਹੇ ਹੀ ਹੋਰ ਇਨਕਲਾਬੀ ਗੀਤਾਂ ਦੀ ਧਮਕ ਪੈਂਦੀ ਰਹੀ।
ਦੁਪਹਿਰ ਵੇਲੇ ਕਾਫ਼ਲਾ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੇ ਫਿਰ ਮਿਊਜ਼ੀਅਮ 'ਚ ਪਹੁੰਚਿਆ। ਇਤਿਹਾਸਕ ਧਰਤੀ 'ਤੇ ਖੜ• ਕੇ ਸ਼ਹੀਦ ਦੀ ਮਹਾਨ ਦੇਣ ਨੂੰ ਨਤਮਸਤਕ ਹੁੰਦੇ ਹੋਏ ਨੌਜਵਾਨਾਂ ਨੇ ਲੋਕ ਮੁਕਤੀ ਦੀ ਜਦੋਜਹਿਦ 'ਚ ਹਿੱਸਾ ਪਾਉਣ ਦੇ ਇਰਾਦੇ ਨੂੰ ਸਾਣ 'ਤੇ ਲਾਇਆ। ਇਸ ਮੌਕੇ ਹੋਈ ਰੈਲੀ ਨੂੰ ਸਭਾ ਦੀ ਇਲਾਕਾ ਕਮੇਟੀ ਦੇ ਮੈਂਬਰਾਂ ਕਰਮ ਰਾਮਾਂ ਅਤੇ ਜਗਰਾਜ ਕੁੱਸਾ ਨੇ ਸੰਬੋਧਨ ਕੀਤਾ।
ਇਨਕਲਾਬੀ ਉਤਸ਼ਾਹ ਨਾਲ ਡੁੱਲ• ਡੁੱਲ• ਪੈਂਦੇ ਨੌਜਵਾਨਾਂ ਦਾ ਕਾਫ਼ਲਾ ਸ਼ਾਮ ਨੂੰ ਵਾਪਸ ਰਵਾਨਾ ਹੋਇਆ।
ਪਿੰਡ ਸਿਵੀਆਂ 'ਚ ਮਸ਼ਾਲ ਮਾਰਚ : ਬਠਿੰਡਾ ਜ਼ਿਲ•ੇ ਦੇ ਪਿੰਡ ਸਿਵੀਆਂ 'ਚ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ 28 ਸਤੰਬਰ ਦੀ ਰਾਤ ਨੂੰ ਪਿੰਡ ਦੇ ਨੌਜਵਾਨਾਂ ਨੇ ਮਸ਼ਾਲਾਂ ਨਾਲ ਮਾਰਚ ਕੀਤਾ। 80 ਦੇ ਲਗਭਗ ਨੌਜਵਾਨਾਂ ਤੇ ਹੋਰਨਾਂ ਲੋਕਾਂ ਵੱਲੋਂ ਪਿੰਡ ਦੀਆਂ ਗਲੀਆਂ 'ਚ ਜ਼ੋਰਦਾਰ ਨਾਅਰੇ ਗੁੰਜਾਏ ਗਏ ਤੇ ਵੱਖ-2 ਥਾਵਾਂ 'ਤੇ ਰੁਕ ਕੇ ਲੋਕਾਂ ਨੂੰ ਆਗੂਆਂ ਨੇ ਸੰਬੋਧਨ ਵੀ ਕੀਤਾ। ਸੰਬੋਧਨ ਕਰਨ ਵਾਲਿਆਂ 'ਚ ਸਭਾ ਦੇ ਆਗੂ ਸਤਵਿੰਦਰ ਸਿੰਘ, ਬੇਅੰਤ ਸਿੰਘ, ਸੁਖਰਾਜ ਸਿੰਘ ਤੋਂ ਬਿਨਾਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਅਮਰੀਕ ਸਿਵੀਆਂ ਵੀ ਸ਼ਾਮਲ ਸਨ। ਘਰਾਂ 'ਚ ਦੀਵੇ ਬਾਲਣ ਦਾ ਸੱਦਾ ਦਿੰਦਾ ਇਹ ਨੌਜਵਾਨ ਮਾਰਚ ਨੌਜਾਵਨਾਂ ਤੇ ਹੋਰਨਾਂ ਲੋਕਾਂ 'ਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਪ੍ਰਸੰਗ 'ਚ ਅਜੋਕੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਦਾ ਸੱਦਾ ਦੇਣ 'ਚ ਸਫ਼ਲ ਰਿਹਾ।
28 ਸਤੰਬਰ ਨਿਹਾਲ ਸਿੰਘ ਵਾਲਾ ਬਲਾਕ ਦੇ ਪਿੰਡਾਂ 'ਚ ਮਾਰਚ : 28 ਸਤੰਬਰ ਨੂੰ ਨਿਹਾਲ ਸਿੰਘ ਵਾਲਾ (ਮੋਗਾ) ਇਲਾਕੇ ਦੇ ਅੱਧੀ ਦਰਜਨ ਤੋਂ ਉਪਰ ਪਿੰਡਾਂ 'ਚ ਨੌਜਵਾਨ ਭਾਰਤ ਸਭਾ ਵੱਲੋਂ ਮੋਟਰ ਸਾਇਕਲਾਂ-ਸਕੂਟਰਾਂ ਤੇ ਮਾਰਚ ਕੀਤਾ ਗਿਆ। 25-30 ਦੇ ਲਗਭਗ ਨੌਜਵਾਨਾਂ ਵੱਲੋਂ ਕਾਫ਼ਲਾ ਮਾਰਚ ਪਿੰਡ ਸੈਦੋਕੇ ਤੋਂ ਸ਼ੁਰੂ ਕਰਕੇ ਮਧੇਕੇ, ਬੁਰਜ ਹਮੀਰਾ, ਗਾਜੀਆਣਾ, ਨਿਹਾਲ ਸਿੰਘ ਵਾਲਾ, ਭਾਗੀਕੇ ਆਦਿ ਪਿੰਡਾਂ 'ਚੋਂ ਹੁੰਦਾ ਹੋਇਆ ਮਾਛੀਕੇ ਵਿਖੇ ਸਮਾਪਤ ਹੋਇਆ। ਇਸ ਦੌਰਾਨ ਵੱਖ-2 ਪਿੰਡਾਂ 'ਚ ਹੋਈਆਂ ਰੈਲੀਆਂ ਨੂੰ ਸਭਾ ਦੇ ਇਲਾਕਾ ਕਮੇਟੀ ਮੈਂਬਰਾਂ ਮਨਵੀਰ ਸੈਦੋਕੇ ਤੇ ਸੁੱਖੀ ਮਾਛੀਕੇ ਨੇ ਸੰਬੋਧਨ ਕੀਤਾ। ਮਾਰਚ  ਦੌਰਾਨ ਪਿੰਡਾਂ 'ਚ ਲੋਕਾਂ ਨੂੰ ਘਰਾਂ ਦੇ ਬਨੇਰਿਆਂ 'ਤੇ ਦੀਵੇ ਬਾਲਣ ਦਾ ਸੱਦਾ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਕਾਫ਼ਲੇ ਵੱਲੋਂ ਮੋਮਬੱਤੀਆਂ ਵੀ ਵੰਡੀਆਂ ਗਈਆਂ। ਸਾਰੇ ਮਾਰਚ ਦੌਰਾਨ ਨੌਜਵਾਨਾਂ ਵੱਲੋਂ ਜੋਸ਼-ਭਰਪੂਰ ਨਾਅਰੇ ਲੱਗਦੇ ਰਹੇ। ਇਹ ਮਾਰਚ ਪਿਛਲੇ ਤਿੰਨ ਕੁ ਸਾਲ ਤੋਂ ਇਸ ਖੇਤਰ ਦੇ ਨੌਜਵਾਨਾਂ ਵੱਲੋਂ 28 ਸਤੰਬਰ ਦੇ ਦਿਨ ਕੀਤੇ ਜਾ ਰਹੇ ਮਾਰਚਾਂ ਦੀ ਲੜੀ ਨੂੰ ਜਾਰੀ ਰੱਖਣ ਦਾ ਉੱਦਮ ਸੀ ਕਿਉਂਕਿ ਇਸ ਵਾਰ ਇਲਾਕਾ ਕਮੇਟੀ ਦੀ ਅਗਵਾਈ 'ਚ ਨੌਜਵਾਨਾਂ ਦਾ ਕਾਫ਼ਲਾ ਖਟਕੜ ਕਲਾਂ ਜਾ ਕੇ ਆਇਆ ਸੀ ਤੇ 28 ਸਤੰਬਰ ਵਾਲੇ ਦਿਨ ਵੀ ਆਗੂ ਟੀਮ ਦਾ ਇਕ ਹਿੱਸਾ ਸ਼੍ਰੀ ਗੁਰਸ਼ਰਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਚੰਡੀਗੜ• ਗਿਆ ਹੋਇਆ ਸੀ। ਪਿੱਛੇ ਰਹਿ ਗਏ ਨੌਜਵਾਨਾਂ ਦੀ ਟੀਮ ਨੇ ਇਸ ਮਾਰਚ ਰਾਹੀਂ ਭਗਤ ਸਿੰਘ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।
ਪਿੰਡ ਕੁੱਸਾ 'ਚ ਮਸ਼ਾਲ ਮਾਰਚ : ਪਿੰਡ ਕੁੱਸਾ 'ਚ ਵੀ 28 ਸਤੰਬਰ ਦੀ ਸ਼ਾਮ ਨੂੰ 30 ਦੇ ਕਰੀਬ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। ਲਟ ਲਟ ਬਲਦੀਆਂ ਮਸ਼ਾਲਾਂ ਹੱਥਾਂ 'ਚ ਫੜੀ ਨੌਜਵਾਨਾਂ ਨੇ ਪਿੰਡ ਦੀਆਂ ਗਲੀਆਂ 'ਚ ਨਾਅਰੇ ਮਾਰਦੇ ਹੋਏ ਮਾਰਚ ਕੀਤਾ ਅਤੇ ਪਟਾਕੇ ਚਲਾਏ।
ਮੌੜ ਚੜ•ਤ ਸਿੰਘ ਵਾਲਾ ਪਿੰਡ 'ਚ 70-75 ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। ਪਿੰਡ ਦੀ ਫਿਰਨੀ ਅਤੇ ਗਲੀਆਂ 'ਚੋਂ ਨੌਜਵਾਨਾਂ ਦਾ ਕਾਫ਼ਲਾ ਨਾਅਰੇ ਮਾਰਦਾ ਗੁਜ਼ਰਿਆ। ਪਿੰਡ 'ਚ 3 ਥਾਵਾਂ 'ਤੇ ਪੜਾਅ ਕਰਕੇ ਰੈਲੀਆਂ ਕੀਤੀਆਂ ਗਈਆਂ। ਇਹਨਾਂ ਰੈਲੀਆਂ 'ਚ ਨੌਜਵਾਨਾਂ ਤੋਂ ਬਿਨਾਂ ਹੋਰਨਾਂ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਰੈਲੀਆਂ ਨੂੰ ਸਭਾ ਦੇ ਇਲਾਕਾ ਆਗੂ ਸਰਬਜੀਤ ਮੌੜ ਨੇ ਸੰੰਬੋਧਨ ਕੀਤਾ। ਇਸਤੋਂ ਬਿਨਾਂ ਜੋਗੇਵਾਲਾ ਪਿੰਡ 'ਚ ਨੌਜਵਾਨਾਂ ਦੀ  ਭਰਵੀਂ ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

No comments:

Post a Comment