Friday 4 November 2011

ਗੁਰਸ਼ਰਨ ਸਿੰਘ ਨੂੰ ਸਮਰਪਿਤ ਕਵਿਤਾ


ਮੰਚ ਦੇ ਪੱਤੇ

ਕੀ ਨੇ ਤੋੜ
ਜਿਗਰ ਦੇ ਸੱਲ ਦੇ
ਆਪੋ ਆਪਣੀਆਂ
ਥਾਵਾਂ ਮੱਲਦੇ
ਰੁਕੀ ਕਹਾਣੀ
ਪਾਤਰ ਚੱਲਦੇ 

ਬੀਤੇ ਵੇਲੇ ਸ਼ਾਨਾਮੱਤੇ
ਲਹੂ ਦੇ ਨਿੱਘ 'ਚ
ਭਿਓਂ ਕੇ ਰੱਖੇ
ਹੁਣ ਦਾ ਹੁਣ ਨਾਲ
ਪੁੱਛਣ ਰਿਸ਼ਤਾ
ਬਿੜਕਾਂ ਲੈਂਦੇ
ਮੰਚ ਦੇ ਪੱਤੇ। 

ਥੜਿ•ਆਂ ਉੱਤੇ
ਅੱਖਰ ਸੁਲਘਣ
ਭਰੀਆਂ ਰਗਾਂ
ਕ੍ਰਾਂਤੀ ਉੱਗਲਣ
ਰਾਤੋ-ਰਾਤ ਮੰਚ ਦੀ ਘਾਟੀ
ਜਗ ਪਏ ਦੀਵੇ
ਪਹਿਲੀ ਝਾਕੀ
ਹੋ ਰਹੇ ਨਾਲ
ਨਿਭ ਸਕੇ ਨਾ
'ਦਿੱਲੀ ਦੇ ਨਿਕਾਸੀ ਪੱਖੇ'
ਹੋ ਚੁੱਕੇ ਦੇ
ਹੋਣ ਚੱਲੇ ਨੇ
ਸਾਂਭ ਕਰੂੰਬਲਾਂ 
ਮੰਚ ਦੇ ਪੱਤੇ।

ਪਰਖ ਅਨੋਖੀ
ਜਿੱਤ ਹਾਰ ਦੀ
ਨਿਸ਼ਾਨਦੇਹੀ
ਆਰ-ਪਾਰ ਦੀ
ਬੁੱਝ ਸਕੇ ਜੋ
ਰਾਜ਼ ਇਸ਼ਕ ਦਾ
ਕਿੰਝ ਬਣਿਆ ਕੋਈ 
ਤਾਜ ਕਿਰਤ ਦਾ
ਲੱਖ ਸਵਾਲਾਂ ਦੇ ਜੰਗਲ 'ਚੋਂ
ਸਾਂਝਾ ਇਕ ਜਵਾਬ ਟੋਲਦੇ
ਗਈ ਰਾਤ
ਮੰਚ ਦੇ ਪੱਤੇ। 

ਪਿੰਡ ਦੀ ਪਗਡੰਡੀ
ਪੈੜ ਟੋਲਦੀ
ਲੰਘਿਆ ਸੀ ਕੋਈ
ਹੋ ਕੋਲ ਦੀ
ਗੀਤਾਂ ਦੀ ਉਹ
ਤਰਜ਼ ਨਾ ਭੁੱਲੀ
ਪੌਣਾਂ ਨੂੰ ਉਹ ਗਰਜ਼ ਨਾ ਭੁੱਲੀ
ਕਿਸੇ ਦੌਰ ਦੇ ਨਿਰਮਲ ਚਾਨਣ
ਆਉਣ ਵਾਲਿਆਂ ਅੰਗ-ਸੰਗ ਰੱਖੇ
ਭਵਿੱਖ ਅਤੇ ਇਤਿਹਾਸ ਦੇ ਵਾਂਗੂੰ
ਖੜ•ੇ ਨੇ ਇੱਕ ਦੂਜੇ ਦੇ ਸਨਮੁੱਖ
ਸੱਥ ਦਾ ਬੋਹੜ
ਮੰਚ ਦੇ ਪੱਤੇ। 
ਰੌਸ਼ਨ ਕੁੱਸਾ

No comments:

Post a Comment