Thursday 17 November 2011

Kartar Singh Sarabha-Punjabi Tribune


ਆਜ਼ਾਦੀ ਦੀ ਵੀਰ ਗਾਥਾ ਦਾ ਗੂੰਜਵਾਂ ਬੋਲ ਸ਼ਹੀਦ ਕਰਤਾਰ ਸਿੰਘ ਸਰਾਭਾ
Posted On November - 16 – 2011 (at http://punjabitribuneonline.com)
ਡਾ. ਜਸਬੀਰ ਸਿੰਘ ਸਰਨਾ
ਜੀਵਨ ਦੀ ਮੁੱਢਲੀ ਪੈੜ: ਸ੍ਰੀ ਮੰਗਲ ਸਿੰਘ ਗਰੇਵਾਲ ਦੇ ਘਰ ਪਿੰਡ ਸਰਾਭਾ (ਲੁਧਿਆਣਾ) ਵਿਚ ਬਾਲਕ ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਹੋਇਆ। ਜ਼ਿੰਦਗੀ ਵਿਚ ਕੁਝ ਖੜ੍ਹਾਵਾਂ ਹੀ ਤੁਰਿਆ ਸੀ ਕਿ ਮਾਤਾ ਅਤੇ ਪਿਤਾ ਜੀ ਅਲਵਿਦਾ ਆਖ ਗਏ। ਬਾਲਕ ਕਰਤਾਰ ਸਿੰਘ ਦੀ ਉਸ ਦੇ ਬਾਬੇ ਨੇ ਚੰਗੀ ਤਰ੍ਹਾਂ ਪ੍ਰਵਰਿਸ਼ ਕੀਤੀ। ਪੰਜਵੀਂ ਜਮਾਤ ਆਪਣੇ ਪਿੰਡ ਦੇ ਸਕੂਲ ਤੋਂ ਪਾਸ ਕਰਕੇ ਉਹ ‘ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ’ ਵਿਚ ਦਾਖਲ ਹੋ ਗਿਆ। ਦਸਵੀਂ ਦੀ ਪੜ੍ਹਾਈ ਦੌਰਾਨ ਉਹ ਸਕੂਲ ਦੀ ਖੇਡ ਟੀਮ ਦਾ ਮੋਹਰੀ ਬਣ ਗਿਆ। ਸਕੂਲ ਜਾਣ ਤੋਂ ਪਹਿਲਾਂ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਾ। ਸਿੱਖ ਸ਼ਹੀਦਾਂ ਅਤੇ ਸੂਰਮਿਆਂ ਦੀਆਂ ਲਾਸਾਨੀ ਕੁਰਬਾਨੀਆਂ ਬਾਰੇ ਉਹ ਆਪਣੇ ਬਾਬੇ ਤੇ ਚਾਚੇ ਕੋਲੋਂ ਲਗਾਤਾਰ ਸੁਣਦਾ ਰਹਿੰਦਾ। ਦਸਵੀਂ ਪੜ੍ਹਦਿਆਂ ਹੀ ਉਸ ਦਾ ਆਪਣਾ ਚਾਚਾ ਉੜੀਸਾ ਲੈ ਗਿਆ, ਜਿੱਥੇ ਦਸਵੀਂ ਪਾਸ ਕਰਕੇ ਉਹ ਕਾਲਜ ਦਾਖਲ ਹੋ ਗਿਆ। ਅਜੇ ਉਹ ਸੋਲਾਂ ਵਰ੍ਹੇ ਦਾ ਹੀ ਸੀ ਕਿ ਸਾਰੇ ਰਿਸ਼ਤੇਦਾਰਾਂ ਨੇ ਸਲਾਹ ਕਰਕੇ ਉਸ ਨੂੰ ਸਾਨਫਰਾਂਸਿਸਕੋ (ਕੈਲਾਫ਼ੋਰਨੀਆਂ, ਅਮਰੀਕਾ) ਜਨਵਰੀ 1912 ਨੂੰ ਭੇਜ ਦਿੱਤਾ। ਇੰਮੀਗ੍ਰੇਸ਼ਨ ਅਫਸਰ ਵੱਲੋਂ ਹਿੰਦੁਸਤਾਨੀਆਂ ਨੂੰ ਬੜਾ ਤੰਗ ਕੀਤਾ ਜਾਂਦਾ ਸੀ, ਜਿਸ ਦੇ ਵਤੀਰਾ ਨੇ ਕਰਤਾਰ ਸਿੰਘ ਦੇ ਜੀਵਨ ‘ਤੇ ਬੜਾ ਅਸਰ ਕੀਤਾ। 1914 ਵਿਚ ਬਹੁਤੇ ਹਿੰਦੁਸਤਾਨੀ ਵਿਦੇਸ਼ਾਂ ਵਿਚ ਮਜ਼ਦੂਰੀ ਆਦਿ ਕਰਨ ਲਈ ਜਾਂਦੇ ਸਨ। ਕਰਤਾਰ ਸਿੰਘ ਨੇ ਆਪਣਾ ਨਾਂ ਕੈਮਿਸਟਰੀ ਦੀ ਡਿਗਰੀ ਲਈ ਯੂਨੀਵਰਸਿਟੀ ਆਫ਼ ਕੈਲਾਫੋਰਨੀਆ (ਬਰੱਕਲੇ) ਵਿਚ ਦਰਜ ਕਰਾਇਆ। ਬਾਗਾਂ ਵਿਚ ਮੇਵਾ ਚੁਣਨ ਲਈ ਮਜ਼ਦੂਰੀ ਕਰਦਾ ਅਤੇ ਰਾਤ ਨੂੰ ਯੂਨੀਵਰਸਿਟੀ ਪੜ੍ਹਨ ਜਾਂਦਾ। ਉਹ ਵਿਦਿਆਰਥੀਆਂ ਅਤੇ ਕਾਮਿਆਂ ਵਿਚ ਰਿੱਚਮਿਚ ਗਿਆ। ਉਹ ਹਿੰਦੁਸਤਾਨੀ ਵਿਦਿਆਰਥੀਆਂ ਦੀ ਬਣੀ ਸੰਸਥਾ ‘ਨਾਲੰਦਾ ਕਲੱਬ’ ਵਿਚ ਸ਼ਾਮਲ ਹੋ ਗਿਆ, ਜਿੱਥੇ ਆਜ਼ਾਦੀ ਹਾਸਲ ਕਰਨ ਦੇ ਵਿਚਾਰ-ਵਟਾਂਦਰੇ ਹੁੰਦੇ ਰਹਿੰਦੇ।
ਧਾਰਮਿਕ ਚੇਤਨਾ ਵੱਲ: ਕਰਤਾਰ ਸਿੰਘ ਸਰਾਭਾ ਦਾ ਧਾਰਮਿਕ ਦ੍ਰਿਸ਼ਟੀਕੌਣ ਬੜਾ ਬਲਵਾਨ ਅਤੇ ਅਧਿਐਨ ਮੁਖੀ ਸੀ। ਉਹ ਮੁੱਢ ਤੋਂ ਹੀ ਸਕੂਲ ਜਾਣ ਤੋਂ ਪਹਿਲਾਂ ਪਿੰਡ ਦੇ ਗੁਰਦੁਆਰੇ ਜਾਂਦਾ ਅਤੇ ਸਿੱਖੀ ਦੇ ਗੌਰਵਮਈ ਵਿਰਸੇ ਬਾਰੇ ਚੇਤਨ ਹੁੰਦਾ। ਸਿੱਖ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਸਿੱਖ ਸ਼ਹੀਦਾਂ ਦੀਆਂ ਸਾਖੀਆਂ ਉਹ ਆਪਣੇ ਹਮਜਮਾਤੀਆਂ ਨਾਲ ਸਾਂਝੀਆਂ ਕਰ ਕੇ ਫ਼ਖ਼ਰ ਮਹਿਸੂਸ ਕਰਦਾ ਰਹਿੰਦਾ। ਉਹ ਦਸਵੀਂ ਪੜ੍ਹਦਿਆਂ ਹੀ ਸਿੱਖ ਇਤਿਹਾਸ ਦਾ ਅਧਿਐਨ ਕਰ ਚੁੱਕਾ ਸੀ। ਇਸ ਧਾਰਮਿਕ ਚੇਤਨਾ ਨੇ ਉਸ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਹਿੰਦੁਸਤਾਨੀ ਦੀ ਆਜ਼ਾਦੀ ਲਈ ਮੀਰੇ-ਕਾਰਵਾਂ ਬਣਾ ਦਿੱਤਾ ਸੀ। ਸਿੱਖ ਗੁਰੂਆਂ ਅਤੇ ਸ਼ਹੀਦਾਂ ਦੀਆਂ ਅਨੋਖੀਆਂ ਕੁਰਬਾਨੀਆਂ ਉਸ ਲਈ ਪ੍ਰੇਰਨਾ ਸਰੋਤ ਅਤੇ ਆਦਰਸ਼ ਹੋ ਨਿੱਬੜੀਆਂ। 1910-1912 ਦੇ ਵਰ੍ਹਿਆਂ ਦੌਰਾਨ ਉਸ ਨੇ ਬਹੁਤ ਸਾਰੀਆਂ ਸਿੱਖ ਇਤਿਹਾਸ, ਤਵਾਰੀਖ ਦੀਆਂ ਕਿਤਾਬਾਂ ਪੜ੍ਹ ਲਈਆਂ ਸਨ। ਉਹ ਪੰਜਾਬੀ ਲਿਖਣ ਪੜ੍ਹਨ ਵਿਚ ਮੁਹਾਰਤ ਰੱਖਦਾ ਸੀ, ਉੱਥੇ ਅੰਗਰੇਜ਼ੀ ਵਿਚ ਵੀ ਪ੍ਰਬੀਨ ਸੀ।
ਗਦਰ ਪਾਰਟੀ ਦੀ ਸਥਾਪਨਾ: ਮਾਰਚ-ਅਪਰੈਲ 1913 ਵਿਚ ਗ਼ਦਰ ਪਾਰਟੀ ਦੀ ਸਥਾਪਨਾ ਕੈਲਾਫ਼ੋਰਨੀਆਂ ਵਿਚ ਰਹਿ ਰਹੇ ਹਿੰਦੁਸਤਾਨੀਆਂ ਨੇ ਕੀਤੀ ਤਾਂ ਜੋ ਅੰਗਰੇਜ਼ਾਂ ਦੀ ਗੁਲਾਮੀ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਜਾ ਸਕੇ। ਉਨ੍ਹਾਂ ਦਾ ਪ੍ਰਮੁੱਖ ਮੰਤਵ ਸੀ ‘ਦੇਸ਼ ਨੂੰ ਆਜ਼ਾਦ ਕਰਨ ਲਈ ਹਰ ਹੀਲਾ ਵਰਤਿਆ ਜਾਏ।’ ਕੈਲਾਫੋਰਨੀਆਂ ਵਿਚ ਬਹੁਤੇ ਗ਼ਦਰੀਆਂ ਨੂੰ ਇਕੱਠਾ ਕਰਨ ਦਾ ਸੇਹਰਾ ਸ. ਕਰਤਾਰ ਸਿੰਘ ਸਰਾਭਾ ਨੂੰ ਜਾਂਦਾ ਹੈ। ਬਾਬਾ ਸੋਹਨ ਸਿੰਘ ਭਕਨਾ ਨੇ ਗ਼ਦਰ ਪਾਰਟੀ ਦੀ ਬੁਨਿਆਦ ਰੱਖੀ। ਉਹ ਇਸ ਪਾਰਟੀ ਦੇ ਪ੍ਰਧਾਨ ਸਨ ਅਤੇ ਲਾਲਾ ਹਰਦਿਆਲ ਸਕੱਤਰ ਚੁਣੇ ਗਏ। ਸ. ਕਰਤਾਰ ਸਿੰਘ ਮਜ਼ਦੂਰਾਂ ਅਤੇ ਵਿਦਿਆਰਥੀਆਂ ਕੋਲ ਜਾ ਕੇ ਮੀਟਿੰਗਾਂ ਕਰਦਾ ਅਤੇ ਗ਼ਦਰੀ ਨੇਤਾਵਾਂ ਨੂੰ ਨਾਲ ਲੈ ਕੇ ਭਾਸ਼ਣ ਦੇਂਦੇ ਅਤੇ ਅੰਗਰੇਜ਼ਾਂ ਖ਼ਿਲਾਫ਼ ਲਾਮਬੰਦ ਕਰਦਾ ਰਹਿੰਦਾ। ਸ. ਕਰਤਾਰ ਸਿੰਘ ਜੋ ਕਹਿੰਦਾ ਸੀ ਉਸ ‘ਤੇ ਅਮਲਾ ਕਰਨਾ ਉਸ ਦਾ ਦਸਤੂਰ ਬਣ ਗਿਆ ਸੀ।
ਗ਼ਦਰ ਅਖ਼ਬਾਰ ਦੀ ਸ਼ੁਰੂਆਤ: ਸ. ਕਰਤਾਰ ਸਿੰਘ ਸਰਾਭਾ ਨੇ ਯੂਨੀਵਰਸਿਕੀ ਦੀ ਪੜ੍ਹਾਈ ਛੱਡ ਦੇ ਲਾਲਾ ਹਰਦਿਆਲ ਸਿੰਘ ਨਾਲ ਸਲਾਹ-ਮਸ਼ਵਰਾ ਕਰਕੇ ਅਤੇ ਬਾਬਾ ਸੋਹਨ ਸਿੰਘ ਭਕਨਾ ਵੱਲੋਂ ਹਰੀ ਝੰਡੀ ਮਿਲਦੇ ਸਾਰ ਹੀ ਇਨਕਲਾਬੀ ਅਖ਼ਬਾਰ ‘ਗਦਰ’ 1 ਨਵੰਬਰ 1913 ਨੂੰ ਸ਼ੁਰੂ ਕੀਤਾ। ਇਹ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਵਿਚ  ਛੱਪਣਾ ਸ਼ੁਰੂ ਹੋਇਆ। ਸ. ਕਰਤਾਰ ਸਿੰਘ ਦਾ ਕੰਮ ਪੰਜਾਬੀ (ਗੁਰਮੁਖੀ) ਐਡੀਸ਼ਨ ਪ੍ਰਕਾਸ਼ਿਤ ਕਰਨਾ ਸੀ ਅਤੇ ਉਸ ਦਾ ਸੰਪਾਦਕੀ, ਲੇਖ, ਕਵਿਤਾਵਾਂ ਲਿਖਣ ਵਿਚ ਰੁਝ ਗਿਆ। ਜਿਸ ਹੱਥੀਂ ਚੱਲਣ ਵਾਲੀ ਮਸ਼ੀਨ ਤੇ ਅਖ਼ਬਾਰ ਛੱਪਦਾ ਸੀ  ਉਸ ਨੂੰ ਚਲਾਉਣ ਦਾ ਕੰਮ ਵੀ ਕਰਤਾਰ ਸਿੰਘ ਸਰਾਭਾ ਕਰਦਾ ਸੀ। ਇਸ ਅਖ਼ਬਾਰ ਨੂੰ ਸੰਸਾਰ ਦੇ ਹਰ ਦੇਸ਼ ਵਿਚ ਭੇਜਿਆ ਜਾਂਦਾ ਸੀ। ਇਸ ਅਖ਼ਬਾਰ ਰਾਹੀਂ ਸਾਰੇ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਲੜਨਾ, ਹਥਿਆਰਬੰਦ ਟਰੇਨਿੰਗ, ਬਾਰੂਦ ਅਤੇ ਹਥਿਆਰਾਂ ਦੀ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਇਹ ਸ. ਕਰਤਾਰ ਸਿੰਘ ਸਰਾਭਾ ਦੀ ਦੂਰ-ਦ੍ਰਿਸ਼ਟੀ ਸੀ ਕਿ ਉਸ ਨੇ ਪਾਰਟੀ ਦੇ ਝੰਡੇ ਵਿਚ ਤਿੰਨ ਰੰਗਾਂ (ਭਾਵ ਸਿੱਖਾਂ-ਮੁਸਲਮਾਨਾਂ ਅਤੇ ਹਿੰਦੂਆਂ) ਦਾ ਰੱਖਿਆ। ਗ਼ਦਰੀ ਬਗਾਵਤ ਦੀ ਧਾਰਮਿਕ ਚੇਤਨਾ ਕਾਰਨ ਹੀ ਬਾਬਾ ਵਿਸਾਖਾ ਸਿੰਘ ਅਤੇ ਭਾਈ ਰਣਧੀਰ ਸਿੰਘ ਨਾਰੰਗਵਾਲ ਇਸ ਲਹਿਰ ਵਿਚ ਕੁੱਦ ਗਏ ਸਨ। ਇਸ ‘ਗ਼ਦਰ ਅਖ਼ਬਾਰ’ ਰਾਹੀਂ ਸਾਰੀ ਪਾਰਟੀ ਬੜੀ ਪ੍ਰਸਿੱਧ ਹੋਈ ਅਤੇ ਹਰ ਵਰਗ ਦੇ ਹਿੰਦੁਸਤਾਨੀ ਇਸ ਨਾਲ ਜੁੜ ਕੇ ਫਖ਼ਰ ਮਹਿਸੂਸ ਕਰਨ ਲੱਗੇ।
ਫੈਸਲਾਕੁੰਨ ਬਗਾਵਤ ਵੱਲ: ਪਹਿਲੀ ਸੰਸਾਰ ਜੰਗ 1914 ਵਿਚ ਅੰਗਰੇਜ਼ ਪੂਰੀ ਤਰ੍ਹਾਂ ਲੜਾਈ ਵਿਚ ਮਸਰੂਫ਼ ਹੋ ਗਏ। ਗ਼ਦਰ ਪਾਰਟੀ ਦੇ ਨੇਤਾਵਾਂ ਨੇ ਚੰਗਾ ਮੌਕਾ ਜਾਣ ਕੇ ‘ਐਲਾਨੇ ਜੰਗ’ ਦਾ ਬਿਗਲ ਵਜਾ ਦਿੱਤਾ ”ਅੰਗਰੇਜ਼ਾਂ ਖ਼ਿਲਾਫ਼”। ਸਟੋਕਟਨ  ਵਿਚ ਫਰਵਰੀ 1914 ਨੂੰ ਹਿੰਦੁਸਤਾਨ ਦੇ ਆਜ਼ਾਦੀ ਦੇ ਝੰਡੇ ਨੂੰ ਲਹਿਰਾਇਆ ਗਿਆ। ਕਰਤਾਰ ਸਿੰਘ ਨੇ ਮੁੱਖ ਭਾਸ਼ਣ ਦਿੱਤਾ। ਸ. ਕਰਤਾਰ ਸਿੰਘ, ਕ੍ਰਾਂਤੀਕਾਰੀ ਗੁਪਤਾ ਅਤੇ ਇਕ ਅਮਰੀਕਨ ਜੈਕ ਨਾਲ ਜਪਾਨ ਜਾ ਕੇ ਬਾਬਾ ਗੁਰਦਿੱਤ ਸਿੰਘ ਨੂੰ ਕੂਬੇ (Kobe) ਗਿੱਲ ਨੇ ਕਈ ਗੁਪਤ ਵਿਚਾਰਾਂ ਕੀਤੀਆਂ। ਗ਼ਦਰ ਅਖ਼ਬਾਰ ਨੇ 5 ਅਗਸਤ 1914 ਨੂੰ ਐਲਾਨੇ ਜੰਗ ਦਾ ਇਸ਼ਤਿਹਾਰ ਛਾਪ ਦਿੱਤਾ। ਇਸ ਅਖ਼ਬਾਰ ਦੀਆਂ ਹਜ਼ਾਰਾਂ ਕਾਪੀਆਂ ਫੌਜੀ ਛਾਉਣੀਆਂ, ਪਿੰਡਾਂ ਅਤੇ ਸ਼ਹਿਰਾਂ ਵਿਚ ਵੰਡੀਆਂ ਗਈਆਂ। ਸ. ਕਰਤਾਰ ਸਿੰਘ 15 ਸਤੰਬਰ  1914 ਨੂੰ ਅਮਰੀਕਾ ਤੋਂ ਪੰਜਾਬ ਵੱਲ ਆ ਗਿਆ। ਦਸੰਬਰ 1914 ਨੂੰ ਭਾਈ ਪਰਮਾਨੰਦ ਨੇ ਹਿੰਦੁਸਤਾਨ ਪੁੱਜ ਕੇ ਲਹਿਰ ਨੂੰ ਤੇਜ਼ ਕੀਤਾ ਅਤੇ ਸ. ਕਰਤਾਰ ਸਿੰਘ ਨੂੰ ਪੰਜਾਬ ਵਿਚ ਬਗਾਵਤ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਮਕਸਦ ਲਈ ਉਹ ਬੰਗਾਲ ਜਾ ਕੇ ਹਥਿਆਰ, ਬਾਰੂਦ, ਗੋਲੀ-ਸਿੱਕਾ ਆਦਿ ਲੈ ਆਇਆ ਅਤੇ ਉੱਥੇ ਹੀ ਵਿਸ਼ਨੂੰ, ਗਨੇਸ਼ ਪਿੰਗਲੇ, ਸਚਿੰਦਰਾ ਨਾਥ ਸਨਿਆਲ, ਗੈਸ਼ ਬਿਹਾਰੀ ਬੋਸ ਨਾਲ ਸੰਪਰਕ ਸਥਾਪਤ ਕੀਤੇ। ਪਿੰਗਲੇ ਨਾਲ ਜਾ ਕੇ ਮੇਰਠ, ਆਗਰਾ, ਬਨਾਰਸ, ਅਲਾਹਬਾਦ, ਅੰਬਾਲਾ, ਲਾਹੌਰ ਤੇ ਰਾਵਲਪਿੰਡੀ ਛਾਉਣੀਆਂ ਵਿਚ ਜਾ ਕੇ ਫੌਜੀਆਂ ਨੂੰ ਬਗਾਵਤ ਕਰਨ ਲਈ ਤਿਆਰ ਕੀਤਾ। ਕਰਤਾਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਲੁਧਿਆਣਾ ਦੇ ਜੱਬੇਵਾਲ ਅਤੇ ਲੋਹਤਬਾਦੀ ਨਗਰਾਂ ਵਿਚ ਬੰਬ ਬਣਾਉਣੇ ਸ਼ੁਰੂ ਕੀਤੇ। ਇਸ ਮਿਸ਼ਨ ਦੀ ਪ੍ਰਾਪਤੀ ਲਈ ਜਨਵਰੀ 1915 ਵਿਚ ਸਾਥੀਆਂ ਸਮੇਤ ਅਮੀਰਾਂ ਨੂੰ ਲੁੱਟ ਕੇ ਪਾਰਟੀ ਲਈ ਫੰਡ ਇਕੱਠੇ ਕੀਤੇ।
ਜੁਗਾਂਤਰ ਗਰੁੱਪ ਦੇ ਨੇਤਾ ਜਤਿੰਦਰ ਨਾਥ ਮੁਖਰਜੀ ਦੀ ਮੁਲਾਕਾਤੀ ਚਿੱਠੀ ਲੈ ਕੇ ਹੀ ਪਿੰਗਲੇ ਅਤੇ ਬੋਸ ਨੂੰ ਕਰਤਾਰ ਸਿੰਘ ਕੋਲ ਬਨਾਰਸ ਪੁੱਜੇ ਸਨ ਅਤੇ ਇਹ ਇਤਲਾਹ ਦਿੱਤੀ ਕਿ 25,000 ਗ਼ਦਰੀ ਜਲਦੀ ਵਾਪਸ ਹਿੰਦੁਸਤਾਨ ਆ ਰਹੇ ਹਨ। ਇਕ ਮਹੀਨੇ ਮਗਰੋਂ ਸਿੱਖ ਗ਼ਦਰੀ ਬਾਬਿਆਂ ਦਾ ਜਥਾ ਵੀ ਪੰਜਾਬ ਪੁੱਜਣਾ ਸੀ। ਬੰਦਰਗਾਹਾਂ ‘ਤੇ ਪੁੱਜਦੇ ਹੀ ਬਹੁਤ ਸਾਰੇ ਗ਼ਦਰੀ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਿਰਾਸਤਾਂ ਦੇ ਬਾਵਜੂਦ ਗਦਰ ਪਰਟੀ ਦੇ ਮੈਂਬਰਾਂ ਦੀ ਮੀਟਿੰਗ ਲਾਡੋਵਾਲ (ਲੁਧਿਆਣਾ) ਵਿਚ ਹੋਈ ਜਿੱਥੇ ਜੰਗੀ ਪੈਂਤੜੇਬਾਜ਼ੀ ਦੇ ਨਕਸ਼ ਉਲੀਕੇ ਗਏ। ਦੋ ਗ਼ਦਰੀ ਸ. ਵਰਿਆਮ ਸਿੰਘ ਅਤੇ ਰਾਮ ਰਾਖਾ ਬੰਬਾਂ ਦਾ ਪ੍ਰਯੋਗ ਕਰਦੇ ਮਾਰੇ ਗਏ। ਰਾਸ਼ ਬਿਹਾਰੀ ਬੋਸ ਦੇ 25 ਜਨਵਰੀ 1915 ਨੂੰ ਪੁੱਜਣ ‘ਤੇ 12 ਫਰਵਰੀ ਦੀ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਫਰਵਰੀ 21 ਨੂੰ  ਬਗਾਵਤ ਦਾ ਆਗਾਜ਼ ਹੋਵੇਗਾ। ਪਹਿਲਾਂ ਮੀਆਂਮੀਰ ਅਤੇ ਫਿਰੋਜ਼ਪੁਰ ਛਾਉਣੀ ਕਾਬੂ ਕਰਕੇ ਅੰਬਾਲਾ ਅਤੇ ਦਿੱਲੀ ਬਾਰੇ ਵਿਚਾਰਾਂ ਹੋਈਆਂ।
ਵਿਸ਼ਵਾਸਘਾਤੀ ਦਾ ਰੋਲ: ਗ਼ਦਰ ਪਾਰਟੀ ਵਿਚ ਇਕ ਕ੍ਰਿਪਾਲ ਸਿੰਘ ਨਾਂ ਦਾ ਪੁਲੀਸ ਵਾਲਾ ਮੁਖ਼ਬਰੀ ਕਰਦਾ ਸੀ। ਫਰਵਰੀ 19 ਨੂੰ ਬਹੁਤੇ ਮੈਂਬਰਾਂ ਨੂੰ ਗ੍ਰਿਫਤਾਰ ਕਰਾਉਣ ਵਿਚ ਉਸ ਦੀ ਭੂਮਿਕਾ ਸੀ। ਉਸ ਨੇ ਸਰਕਾਰ ਨੂੰ ਸੰਭਾਵੀ ਬਗਾਵਤ ਦੀ ਸੂਹ ਦੇ ਦਿੱਤੀ ਸੀ। ਸਰਕਾਰ ਨੇ ਮੁਕਾਮੀ ਫੌਜੀਆਂ ਤੋਂ ਹਥਿਆਰ ਲੈ ਕੇ ਬਗਾਵਤ ਨੂੰ ਫੇਲ ਕਰ ਦਿੱਤਾ। ਜੋ ਮੈਂਬਰ ਗ੍ਰਿਫਤਾਰੀ ਤੋਂ ਬਚ ਗਏ ਉਨ੍ਹਾਂ ਨੇ ਹਿੰਦੁਸਤਾਨ ਛੱਡਣ ਦਾ ਮਨਸੂਬਾ ਬਣਾ ਲਿਆ ਸੀ। ਸ. ਕਰਤਾਰ ਸਿੰਘ ਸਰਾਭਾ, ਸ. ਹਰਨਾਮ ਸਿੰਘ ਟੁੰਡੀਲਾਟ ਅਤੇ ਸ. ਜਗਤ ਸਿੰਘ, ਗੁਰਸਿੰਘ ਕਾਬਲ (ਅਫ਼ਗਾਨਿਸਤਾਨ) ਜਾਣ ਵਿਚ ਸਫਲ ਹੋ ਗਏ। ਮਾਰਚ 2, 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਕੈਦ ਕਰਕੇ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ।  ਉਸ ਦੀ ਪੇਸ਼ੀ ਦੌਰਾਨ ਸਾਰੇ ਜੱਜ ਉਸ ਦੀ ਤੀਖਣਬੁਧੀ ਦੇ ਕਾਇਲ ਸਨ। ਅਦਾਲਤ ਨੇ ਆਪਣੇ ਫੈਸਲੇ ਵਿਚ ਸ. ਕਰਤਾਰ ਸਿੰਘ ਸਰਾਭਾ ਨੂੰ ਸਾਰੇ ਬਾਗੀਆਂ ਤੋਂ ਵੱਧ ਖ਼ਤਰਨਾਕ ਗਰਦਾਨਿਆ। ਆਜ਼ਾਦੀ ਨੇ ਇਸ ਇਸ ਘੁਲਾਟੀਏ ਨੂੰ 18 ਹੋਰ ਗ਼ਦਰੀਆਂ ਵਾਂਗ ਸੈਂਟਰਲ ਜੇਲ੍ਹ, ਲਾਹੌਰ ਵਿਚ 16 ਨਵੰਬਰ 1915 ਨੂੰ ਫ਼ਾਂਸੀ ਦੇ ਤਖ਼ਤੇ ‘ਤੇ ਚਾੜ੍ਹ ਦਿੱਤਾ ਗਿਆ। ਫ਼ਾਂਸੀ ਲੱਗਣ ਸਮੇਂ ਉਸ ਨੇ ਆਪਣਾ ਲਿਖਿਆ ਆਜ਼ਾਦੀ ਗੀਤ ਗਾਇਆ:
”ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੀ
ਜਿਨ੍ਹਾਂ ਦੇਸ਼ ਸੇਵਾ ‘ਚ ਪੈਰ ਪਾਇਆ
ਉਨ੍ਹਾਂ ਲੱਖਾਂ ਮੁਸੀਬਤਾਂ ਝੱਲੀਆਂ ਨੀ।”
ਸ. ਕਰਤਾਰ ਸਿੰਘ ਸਰਾਭਾ ਸ਼ਹੀਦੀ ਦਾ ਚਿੰਨ੍ਹ ਬਣ ਕੇ ਬਹੁਤ ਸਾਰੇ ਭਾਰਤੀਆਂ ਲਈ ਬਹਾਦਰੀ ਅਤੇ ਕੁਰਬਾਨੀ ਦਾ ਪ੍ਰੇਰਨਾ ਸਰੋਤ ਬਣ ਉੱਭਰਿਆ। ਸ਼ਹੀਦ ਭਗਤ ਸਿੰਘ, ਸ. ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ ਦੋਸਤ ਅਤੇ ਵੱਡਾ ਭਾਈ ਸਮਝਦਾ ਸੀ।

No comments:

Post a Comment